ਪੰਜਾਬ ਦੇ ਸਕੂਲਾਂ 'ਚ ਮਿਲੇਗਾ ਗ਼ਰਮਾ-ਗ਼ਰਮ ਮਿਡ-ਡੇ-ਮੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਫ਼ੂਡ ਕਮਿਸ਼ਨ ਨੇ ਮਿਡ-ਡੇ-ਮੀਲ ਮਾਡਲ ਦਾ ਲਿਆ ਜਾਇਜ਼ਾ

Punjab Food Commission Reviews Andhra Model of Mid Day Meal

ਚੰਡੀਗੜ੍ਹ : ਮਿਡ-ਡੇ-ਮੀਲ ਤਹਿਤ ਤਾਜ਼ਾ ਪਕਾਇਆ ਗ਼ਰਮਾ-ਗ਼ਰਮ ਭੋਜਨ ਆਂਦਰਾ ਪ੍ਰਦੇਸ਼ ਦੇ ਸਕੂਲਾਂ ਵਿਚ ਬੱਚਿਆਂ ਨੂੰ ਵਰਤਾਇਆ ਜਾ ਰਿਹਾ ਹੈ। ਇਹ ਜਾਣਕਾਰੀ ਫ਼ੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਡੀ.ਪੀ ਰੈਡੀ ਨੇ ਦਿਤੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਚੇਅਰਮੈਨ ਤੇ ਮੈਂਬਰਾਂ ਵਲੋਂ ਆਂਦਰਾ ਪ੍ਰਦੇਸ਼ ਦੇ ਦੌਰੇ ਦੌਰਾਨ ਸੂਬਾ ਸਰਕਾਰ ਵਲੋਂ ਅਕਸ਼ੇ ਪਾਤਰਾ ਦੀ ਸੈਂਟਰਲੀ ਮੈਕਨਾਈਜ਼ਡ ਕਿਚਨ ਦਾ ਦੌਰਾ ਆਯੋਜਿਤ ਕੀਤਾ ਗਿਆ ਤਾਂ ਜੋ ਇਹ ਵਿਖਾਇਆ ਜਾ ਸਕੇ ਕਿ ਕਿਸ ਤਰ੍ਹਾਂ ਮਿਡ ਡੇ ਮੀਲ ਲਈ ਸਕੂਲ ਦੇ ਬੱਚਿਆਂ ਵਾਸਤੇ ਤਾਜ਼ਾ ਤੇ ਗ਼ਰਮਾ-ਗ਼ਰਮ ਖ਼ਾਣਾ ਤਿਆਰ ਕੀਤਾ ਜਾ ਰਿਹਾ ਹੈ।

ਇਹ ਇਕ ਪ੍ਰਭਾਵਸ਼ਾਲੀ ਮਾਡਲ ਹੈ, ਜਿਸ ਵਿਚ 25 ਕਿਲੋ ਮੀਟਰ ਦੇ ਘੇਰੇ ਵਿਚ ਆਉਂਦੇ ਸਕੂਲੀ ਬੱਚਿਆਂ ਲਈ ਭੋਜਨ ਦੀ ਵਿਵਸਥਾ ਕਰਨ ਹਿੱਤ ਸੁਚਾਰੂ ਰੂਪ ਵਿਚ ਸੈਂਟਰਲਾਈਜ਼ਡ ਰਸੋਈਆਂ ਸਥਾਪਤ ਕੀਤੀਆਂ ਗਈਆਂ ਹਨ। ਸਕੂਲਾਂ ਵਿਚ ਭੋਜਨ ਉਪਲਬਧ ਕਰਾਉਣ ਲਈ ਜੀ.ਪੀ.ਐਸ ਦੀ ਸਹੂਲਤ ਵਾਲੇ ਵਾਹਨ ਵਰਤੇ ਜਾ ਰਹੇ ਹਨ। ਚੇਅਰਮੈਨ ਨੇ ਦੱਸਿਆ ਕਿ ਇਸ ਪ੍ਰਣਾਲੀ ਸਬੰਧੀ ਭਰਪੂਰ ਜਾਣਕਾਰੀ ਤੇ ਜਾਇਜ਼ਾ ਲੇਣ ਲਈ ਅਕਸ਼ੇ ਪਾਤਰਾ ਤੇ ਇਸਕੋਨ ਗਰੁੱਪ ਦੇ ਨੁਮਾਇੰਦਿਆਂ ਨਾਲ ਮੀਟਿੰਗ ਆਯੋਜਿਤ ਕੀਤੀ ਗਈ।

ਇਸ ਮੀਟਿੰਗ 'ਚ ਕ੍ਰਿਸ਼ਨ ਕੁਮਾਰ, ਆਈ.ਏ.ਐਸ., ਸਿੱਖਿਆ ਸਕੱਤਰ, ਪੰਜਾਬ, ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ। ਰੈਡੀ ਨੇ ਕਿਹਾ ਕਿ ਅਕਸ਼ੇ ਪਾਤਰਾ ਗਰੁੱਪ ਦੇ ਨੁਮਾਇੰਦੇ ਰਘੂਪਥੀ ਦਾਸ ਨੇ ਇੱਛਾ ਪ੍ਰਗਟਾਈ ਕਿ ਜੇ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਇਸ ਪ੍ਰਸਤਾਵ ਪ੍ਰਤੀ ਸਹਿਮਤੀ ਬਣਦੀ  ਹੈ ਤਾਂ ਬਿਲਕੁਲ ਅਜਿਹੇ ਉਪਰਾਲੇ ਪੰਜਾਬ ਵਿਚ ਸ਼ੁਰੂ ਕੀਤੇ ਜਾ ਸਕਦੇ ਹਨ।