ਬੇਅਦਬੀ ਮਾਮਲੇ ’ਤੇ ਫਿਰ ਬਰਸੇ ਸਿੱਧੂ, ਕਿਹਾ-ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ ?
ਨਵਜੋਤ ਸਿੱਧੂ ਨੇ ਸਵਾਲ ਕੀਤਾ- ਏਜੀ ਦੀ ਲਗਾਮ ਕਿਸ ਦੇ ਹੱਥ ਹੈ?
ਚੰਡੀਗੜ੍ਹ: ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਵਿਚ ਐਸਆਈਟੀ ਦੀ ਜਾਂਚ ਰੱਦ ਹੋ ਜਾਣ ਦੇ ਮਾਮਲੇ ਵਿਚ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ। ਇਸ ਦੌਰਾਨ ਉਹਨਾਂ ਨੇ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਅਤੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਲੈ ਕੇ ਸਵਾਲ ਚੁੱਕੇ।
ਸਿੱਧੂ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਗ੍ਰਹਿ ਮੰਤਰੀ ਲਈ ਬੇਅਦਬੀ ਦਾ ਮਾਮਲਾ ਸਭ ਤੋਂ ਅਹਿਮ ਨਹੀਂ ਸੀ। ਨਵਜੋਤ ਸਿੱਧੂ ਨੇ ਟਵੀਟ ਕੀਤਾ, ‘ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ ? ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜ੍ਹਨੀ ਤੇ ਕੇਵਲ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ 'ਚ ਨਹੀਂ ਹੈ... ਫਿਰ ਏਜੀ ਦੀ ਲਗਾਮ ਕਿਸ ਦੇ ਹੱਥ ਹੈ? ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ ਪਿਆਦੇ ਹਨ।
ਟਵੀਟ ਜ਼ਰੀਏ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਅਪਣੀ ਜ਼ਿੰਮੇਵਾਰੀ ਐਡਵੋਕੇਟ ਜਨਰਲ ਦੇ ਸਿਰ ਮੜ੍ਹਨ ਦਾ ਦੋਸ਼ ਲਗਾਇਆ ਹੈ।ਇਸ ਤੋਂ ਪਹਿਲਾਂ ਵੀ ਬੀਤੇ ਦਿਨ ਸਿੱਧੂ ਨੇ ਟਵੀਟ ਕੀਤਾ ਜਿਸ ਵਿਚ ਉਹਨਾਂ ਲਿਖਿਆ, ‘ਸੋਚੀ-ਸਮਝੀ, ਮਿਲੀ-ਜੁਲੀ ਯੋਜਨਾ ਹੈ, ਜਿਸ ਦਾ ਮਕਸਦ...ਆਪ ਤਾਂ ਡੁੱਬਾਂਗੇ, ਸਭ ਨੂੰ ਨਾਲ ਲੈਕੇ ਡੁੱਬਾਂਗੇ’।
ਉਹਨਾਂ ਅੱਗੇ ਲ਼ਿਖਿਆ ਕਿ ਇਹ ਕਿਸੇ ਸਰਕਾਰ ਜਾਂ ਪਾਰਟੀ ਦੀ ਗ਼ਲਤੀ ਨਹੀਂ ਸਗੋਂ ਉਸ ਵਿਅਕਤੀ ਦੀ ਅਸਫ਼ਲਤਾ ਹੈ ਜੋ ਦੋਸ਼ੀਆਂ ਨਾਲ ਘਿਉ-ਖਿਚੜੀ ਹੈ। ਹਾਲਾਂਕਿ ਉਹਨਾਂ ਨੇ ਸਪੱਸ਼ਟ ਨਹੀਂ ਕੀਤਾ ਕਿ ਉਹ ਇਕ ਆਦਮੀ ਕਿਸ ਨੂੰ ਕਹਿ ਰਹੇ ਹਨ।