ਤਹਿਸੀਲਦਾਰ ਦੇ ਰੀਡਰ ਸਣੇ ਤਿੰਨ ਜਣੇ ਰਿਸ਼ਵਤ ਲੈਂਦੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਰਥਕ ਅਪਰਾਧ ਸ਼ਾਖ਼ਾ, ਪੰਜਾਬ ਵਿਜੀਲੈਂਸ ਦੇ ਇੰਸਪੈਕਟਰ ਰਾਜਿੰਦਰ ਕੁਮਾਰ...

Vigilance team with arrested Tehsildar' Reader & others

ਲੁਧਿਆਣਾ, 22 ਮਈ (ਗੁਰਮਿੰਦਰ ਗਰੇਵਾਲ): ਆਰਥਕ ਅਪਰਾਧ ਸ਼ਾਖ਼ਾ, ਪੰਜਾਬ ਵਿਜੀਲੈਂਸ ਦੇ ਇੰਸਪੈਕਟਰ ਰਾਜਿੰਦਰ ਕੁਮਾਰ ਤੇ ਉਨ੍ਹਾਂ ਦੀ ਟੀਮ ਨੇ ਤਹਿਸੀਲਦਾਰ ਕੇਂਦਰੀ ਦੇ ਦਫ਼ਤਰ 'ਚ ਰੇਡ ਕਰ ਕੇ ਰਿਸ਼ਵਤ ਦੀ ਮੰਗ ਕਰਨ ਵਾਲੇ ਦਫ਼ਤਰ ਦੇ ਕਲਰਕ ਸਮੇਤ ਪ੍ਰਾਈਵੇਟ ਤੌਰ 'ਤੇ ਕੰਮ ਕਰਨ ਵਾਲੇ ਕਰਿੰਦੇ ਵੀ ਰਿਸ਼ਵਤ ਦੇ ਪੈਸੇ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

 ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਕੁਲਦੀਪ ਕੌਰ ਖ਼ਾਲਸਾ ਪਤਨੀ  ਬਲਦੇਵ ਸਿੰਘ ਵਾਸੀ ਗੋਲਡਨ ਕਾਲੋਨੀ,ਸਟਾਰ ਰੋਡ ਦੇ ਪਿੱਛੇ ਵਲੋਂ ਮੁਖਤਿਆਰਨਾਮਾ ਰੱਦ ਕਰਵਾਉਣ ਦੇ ਲਈ 4 ਮਈ 2018 ਨੂੰ ਇਕ ਹਜ਼ਾਰ ਰੁਪਏ ਦੇ ਅਸ਼ਟਾਮ ਪਰ ਤਹਿਸੀਲਦਾਰ ਲੁਧਿਆਣਾ ਕੇਂਦਰੀ ਦੇ ਦਫ਼ਤਰ ਗਈ ਸੀ, ਜਿਥੇ ਉਸ ਨੂੰ ਹਿੰਮਤ ਸਿੰਘ ਵਾਸੀ ਬਸੰਤ ਨਗਰ ਲੁਧਿਆਣਾ ਮਿਲਿਆ ਸੀ, ਜਿਸ ਨੇ ਵਸੀਕਾ ਰੱਦ ਕਰਵਾਉਣ ਲਈ ਇਕ ਹਜ਼ਾਰ ਰੁਪਏ ਦਾ ਅਸਟਾਮ,5 ਸੌ ਰੁਪਏ ਲਿਖਾਈ ਦੇ ਤੇ 2320 ਰੁਪਏ ਸਰਕਾਰੀ ਫ਼ੀਸ ਤੋਂ ਇਲਾਵਾ 6 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੇ ਮੰਗੇ ਜੋ ਕੁਲ ਰਕਮ ਦੱਸ ਹਜ਼ਾਰ ਦੇ ਕਰੀਬ ਬਣਦੀ ਹੈ। 

ਵਿਜੀਲੈਂਸ ਅਧਿਕਾਰੀਆਂ ਮੁਤਾਬਕ ਹਿੰਮਤ ਸਿੰਘ ਨੇ ਸ਼ਿਕਾਇਤਕਰਤਾ ਕੁਲਦੀਪ ਕੌਰ ਖ਼ਾਲਸਾ ਨੂੰ ਕਿਹਾ ਕਿ ਉਹ ਤਹਿਸੀਲਦਾਰ ਦੇ ਰੀਡਰ ਸੁਰੇਸ਼ ਕੁਮਾਰ ਨਾਲ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਹੈ ਤੇ ਰੋਜ਼ ਹੋਰ ਵੀ ਕੰਮ ਕਰਵਾਉਂਦਾ ਹੈ। ਸ਼ਿਕਾਇਤਕਰਤਾ ਨੇ ਮਿੰਨਤ ਤਰਲਾ ਕਰਕੇ ਸਰਕਾਰੀ ਫੀਸ ਤੋਂ ਇਲਾਵਾ ਪੰਜ ਹਜ਼ਾਰ ਰੁਪਏ ਹੋਰ ਲੈ ਕੇ ਕੰਮ ਕਰਨ ਲਈ ਰਾਜ਼ੀ ਕਰ ਲਿਆ। 

ਸ਼ਿਕਾਇਤਕਰਤਾ ਦਾ ਮੁਖਤਿਆਰਨਾਮਾ 11 ਮਈ ਨੂੰ ਸਬ ਰਜਿਸਟਰਾਰ ਕੇਂਦਰੀ ਲੁਧਿਆਣਾ ਵਲੋਂ ਰੱਦ ਤਾਂ ਹੋ ਗਿਆ ਪਰ ਸ਼ਿਕਾਇਤਕਰਤਾ ਨੂੰ ਮੁਖਤਿਆਰਨਾਮਾ ਵਾਪਸ ਨਹੀਂ ਕੀਤਾ। ਤਿੰਨ ਚਾਰ ਦਿਨ ਬਾਅਦ ਜਦੋਂ ਸ਼ਿਕਾਇਤਕਰਤਾ ਨੇ ਹਿੰਮਤ ਸਿੰਘ ਤੋਂ ਰੱਦ ਕੀਤਾ ਗਿਆ ਮੁਖਤਿਆਰਨਾਮਾ ਲੈਣ ਗਈ ਤਾਂ ਹਿੰਮਤ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਬਕਾਇਆ ਰਿਸ਼ਵਤ ਦੇ ਪੰਜ ਹਜ਼ਾਰ ਰੁਪਏ ਦੇਵੇ ਤਾਂ ਹੀ ਉਸ ਨੂੰ ਰੱਦ ਕੀਤਾ ਹੋਇਆ ਮੁਖਤਿਆਰਨਾਮਾ ਦਿਤਾ ਜਾਵੇਗਾ।

 ਵਿਜੀਲੈਂਸ ਅਧਿਕਾਰੀਆਂ ਮੁਤਾਬਕ ਪੈਸੇ ਨਾ ਹੋਣ ਕਰ ਕੇ ਸ਼ਿਕਾਇਤਕਰਤਾ ਕੁਲਦੀਪ ਕੌਰ ਖ਼ਾਲਸਾ ਉਸ ਦਿਨ ਵਾਪਸ ਆ ਗਈ ਜਿਸ ਨੇ ਆਰਥਕ ਅਪਰਾਧ ਸ਼ਾਖ਼ਾ ਵਿਜੀਲੈਂਸ ਬਿਊਰੋ ਪੰਜਾਬ ਨੂੰ ਸ਼ਿਕਾਇਤ ਦਿਤੀ ਜਿਸ ਦੇ ਆਧਾਰ 'ਤੇ ਅੱਜ ਵਿਜੀਲੈਂਸ ਟੀਮ ਵਲੋਂ ਤਹਿਸੀਲਦਾਰ ਕੇਂਦਰੀ ਦਫ਼ਤਰ ਵਿਖੇ ਰੇਡ ਕਰ ਕੇ ਕਥਿਤ ਮੁਲਜ਼ਮ ਹਿੰਮਤ ਸਿੰਘ,

ਜਸਪਾਲ ਸਿੰਘ ਤੇ ਤਹਿਸੀਲਦਾਰ ਦੇ ਰੀਡਰ ਸੁਰੇਸ਼ ਕੁਮਾਰ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਸਰਕਾਰੀ ਗਵਾਹ ਅਨਿਲ ਕੁਮਾਰ ਪ੍ਰਿੰਸੀਪਲ ਐਸ ਐਸ ਐਸ ਐਸ ਤੇ ਦੂਸਰੇ ਸਰਕਾਰੀ ਗਵਾਹ ਸਤਵੀਰ ਸਿੰਘ ਵੈਟਰਨਰੀ ਅਫ਼ਸਰ ਦੀ ਹਾਜਰੀ ਵਿਚ ਕਾਬੂ ਕੀਤਾ। ਕਾਬੂ ਕੀਤੇ ਕਥਿਤ ਦੋਸ਼ੀਆਂ ਵਿਰੁਧ ਥਾਣਾ ਆਰਥਕ ਅਪਰਾਧ ਸ਼ਾਖ਼ਾ ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਮਾਮਲਾ ਦਰਜ ਕਰ ਲਿਆ ਹੈ। ਵਿਭਾਗ ਵਲੋਂ ਵਧੇਰੇ ਤਫ਼ਤੀਸ਼ ਜਾਰੀ ਹੈ।