ਸ਼ਾਹਕੋਟ ਦੀ ਜ਼ਿਮਨੀ ਚੋਣ ਦੀ ਸਿਆਸੀ ਕੁੜੱਤਣ ਹਲਕਾ ਰਾਮਪੁਰਾ ਫੂਲ ਤਕ ਪੁੱਜੀ
ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਮੂਲੇਵਾਲ ਖਹਿਰਾ ਵਿਖੇ ਪਾਵਰਕਾਮ ਵਲੋਂ ਪਿੰਡ ਦੇ ਸਰਪੰਚ ਸੋਹਣ ਸਿੰਘ ਦੇ ਘਰ ਦਾ ਮੀਟਰ ਬਿਜਲੀ ...
ਬਠਿੰਡਾ (ਦਿਹਾਤੀ), 22 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਮੂਲੇਵਾਲ ਖਹਿਰਾ ਵਿਖੇ ਪਾਵਰਕਾਮ ਵਲੋਂ ਪਿੰਡ ਦੇ ਸਰਪੰਚ ਸੋਹਣ ਸਿੰਘ ਦੇ ਘਰ ਦਾ ਮੀਟਰ ਬਿਜਲੀ ਚੋਰੀ ਜਾਂ ਫੇਰ ਬਕਾਇਆ ਰਾਸ਼ੀ ਦੇ ਮਾਮਲਾ ਦਾ ਸੇਕ ਹਲਕਾ ਰਾਮਪੁਰਾ ਫੂਲ ਦੀ ਸਿਆਸਤ ਤਕ ਪੁੱਜ ਗਿਆ ਹੈ ਕਿਉਂਕਿ ਸਰਪੰਚ ਸੋਹਣ ਸਿੰਘ ਦੇ ਮੀਟਰ ਉਤਾਰੇ ਜਾਣ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਬਿਜਲੀ ਮੰਤਰੀ ਸਿੰਕਦਰ ਸਿੰਘ ਮਲੂਕਾ ਅਤੇ ਮੌਜੂਦਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਿਆਸੀ ਤੌਰ 'ਤੇ ਆਹਮੋ ਸਾਹਮਣੇ ਹੋ ਗਏ ਹਨ।
ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਮੀਡੀਆ ਬਿਆਨ 'ਚ ਮੂਲੇਵਾਲ ਖਹਿਰਾ ਦੇ ਪਿੰਡ ਦੇ ਸਰਪੰਚ ਸੋਹਣ ਸਿੰਘ ਦੇ ਘਰ ਦਾ ਮੀਟਰ ਬਿਜਲੀ ਮੰਤਰੀ ਕਾਂਗੜ ਦੇ ਇਸ਼ਾਰੇ 'ਤੇ ਵਿਭਾਗ ਵਲੋਂ ਕੀਤੀ ਕਰਵਾਈ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਹਲਕਾ ਸ਼ਾਹਕੋਟ 'ਚ ਹੋ ਰਹੀ ਹਾਰ ਦੀ ਬੁਖਲਾਹਟ ਕਾਰਨ ਅਜਿਹੀ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ ਜਦਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਲੋਕਾਂ ਨੂੰ ਵੋਟਾ ਪਾਉਣ
ਲਈ ਧਮਕਾਉਣ ਦੇ ਨਾਲ ਬੇਜਿੱਦ ਲੋਕਾਂ ਵਿਰੁਧ ਅਜਿਹੀਆ ਕਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਜਿਸ ਦੀ ਅਕਾਲੀ ਦਲ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ।
ਉਧਰ ਮਾਮਲੇ ਵਿਚ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਉਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਹਲਕਾ ਸ਼ਾਹਕੋਟ ਦੇ ਕਿਸੇ ਵੀ ਸਰਪੰਚ ਜਾਂ ਪਿੰਡ ਦੇ ਲੋਕਾਂ ਨੂੰ ਉਹ ਨਿਜੀ ਤੌਰ ਨਹੀਂ ਜਾਣਦੇ ਪਰ ਇਹ ਗੱਲ ਸਾਬਤ ਜ਼ਰੂਰ ਹੋ ਗਈ ਹੈ
ਕਿ ਅਕਾਲੀ ਦਲ ਅਤੇ ਖ਼ਾਸ ਕਰ ਸਾਬਕਾ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ 10 ਸਾਲ ਅਜਿਹੇ ਪੰਜਾਬ ਦੀ ਲੁੱਟ ਕਰਨ ਵਾਲੇ ਲੋਕਾਂ ਦੀ ਮਦਦ ਕਰਦੇ ਰਹੇ ਹਨ ਜਿਹੜੇ ਪੰਜਾਬ ਦੇ ਖ਼ਜ਼ਾਨੇ ਨੂੰ ਲਗਾਤਾਰ ਖੋਰਾ ਲਗਾ ਰਹੇ ਸਨ ਭਾਵੇਂ ਉਹ ਬਿਜਲੀ ਚੋਰੀ ਜਾਂ ਫੇਰ ਕੋਲਿਆਂਵਾਲੀ ਵਾਲੇ ਜਥੇਦਾਰ ਵਾਂਗ ਸਰਕਾਰ ਦਾ ਕਰੋੜਾਂ ਰੁਪਏ ਕਰਜ਼ੇ ਰੂਪੀ ਹੜੱਪੀ ਬੈਠੇ ਹੋਣ।