ਦੇਸ਼ ਲਈ ਕਈ ਲੜਾਈਆਂ ਜਿੱਤਣ ਵਾਲੇ ਹੀਰੋ ਮੇਜਰ ਗੁਰਦਿਆਲ ਸਿੰਘ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

102 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

Photo

ਨਵੀਂ ਦਿੱਲੀ: ਦੂਜੇ ਵਿਸ਼ਵ ਯੁੱਧ ਤੋਂ ਲੈ ਕੇ ਦੇਸ਼ ਲਈ ਚਾਰ ਵੱਡੀਆਂ ਲੜਾਈਆਂ ਲੜਨ ਵਾਲੇ 102 ਸਾਲਾ ਮੇਜਰ ਗੁਰਦਿਆਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਸ਼ੁੱਕਰਵਾਰ ਨੂੰ ਭਾਰਤੀ ਫੌਜ ਦੇ ਜਵਾਨ ਅਪਣੇ ਹੀਰੋ ਨੂੰ ਆਖਰੀ ਸਲਾਮੀ ਦੇਣ ਲਈ ਵਿਸ਼ੇਸ਼ ਤੌਰ 'ਤੇ ਲੁਧਿਆਣਾ ਪਹੁੰਚੇ।

ਉਹਨਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿਚ ਲਪੇਟ ਕੇ ਸ਼ਰਧਾਂਜਲੀ ਦਿੱਤੀ ਗਈ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜਾਂ ਨੇਤਾ ਉਹਨਾਂ ਦੇ ਅੰਤਿਮ ਸਸਕਾਰ ਵਿਚ ਨਹੀਂ ਪਹੁੰਚਿਆ। ਮੇਜਰ ਗੁਰਦਿਆਲ ਸਿੰਘ ਦਾ ਪਰਿਵਾਰ ਇਕ ਸਦੀ ਤੋਂ ਜ਼ਿਆਦਾ ਸਮੇਂ ਤੋਂ ਫੌਜ ਦੇ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਉਹਨਾਂ ਦੀ ਚੌਥੀ ਪੀੜੀ ਯਾਨੀ ਉਹਨਾਂ ਦਾ ਪੋਤਾ ਭਾਰਤੀ ਫੌਜ ਵਿਚ ਤੈਨਾਤ ਹੈ।

ਮੇਜਰ ਗੁਰਦਿਆਲ ਸਿੰਘ ਦੇ ਪੁੱਤਰ ਹਰਮੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਜਨਮ 21 ਅਗਸਤ 1917 ਨੂੰ ਲੁਧਿਆਣਾ ਵਿਖੇ ਹੋਇਆ ਸੀ। ਉਗਨਾਂ ਨੇ ਰਾਇਲ ਇੰਡੀਅਨ ਮਿਲਟਰੀ ਸਕੂਲ ਜਲੰਧਰ ਤੋਂ ਸਿੱਖਿਆ ਲਈ ਸੀ। ਜੂਨ 1935 ਵਿਚ ਉਹਨਾਂ ਨੇ ਮਾਂਊਟੇਨ ਆਰਟਿਲਰੀ ਟਰੇਨਿੰਗ ਜੁਆਇੰਨ ਕੀਤੀ ਸੀ।

ਟਰੇਨਿੰਗ ਖਤਮ ਹੋਣ ਤੋਂ ਬਾਅਦ ਉਹਨਾਂ ਦੀ ਪਹਿਲੀ ਪੋਸਟਿੰਗ 14 ਰਾਜਪੁਤਾਨਾ ਮਾਂਊਟੇਨ ਬੈਟਰੀ ਏਬਟਾਬਾਦ (ਪਾਕਿਸਤਾਨ) ਵਿਚ ਹੋਈ ਸੀ।  1944-45 ਵਿਚ ਹੋਏ ਦੂਜੇ ਵਿਸ਼ਵ ਯੁੱਧ ਦੌਰਾਨ ਉਹ ਮਿਆਂਮਾਰ ਵਿਚ ਤੈਨਾਤ ਸਨ। ਇਸ ਤੋਂ ਬਾਅਦ 1947-48 ਵਿਚ ਜੰਮੂ-ਕਸ਼ਮੀਰ ਵਿਖੇ ਹੋਈ ਜੰਗ ਵਿਚ ਵੀ ਉਹਨਾਂ ਨੇ ਅਹਿਮ ਰੋਲ ਅਦਾ ਕੀਤਾ।

1965 ਦੀ ਭਾਰਤ ਪਾਕਿਸਤਾਨ ਜੰਗ ਸਮੇਂ ਮੇਜਰ ਨੂੰ ਭਾਰਤੀ ਫੌਜ ਵੱਲੋਂ ਅੰਮ੍ਰਿਤਸਰ ਸੈਕਟਰ ਵਿਚ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। 1967 ਵਿਚ ਉਹ ਭਾਰਤੀ ਫੌਜ ਤੋਂ ਸੇਵਾ ਮੁਕਤ ਹੋ ਗਏ ਸੀ।