ਪਟਿਆਲਾ 'ਚ ਅਕਾਲੀ ਦਲ ਨੂੰ ਝਟਕਾ, ਸਾਬਕਾ ਜ਼ਿਲ੍ਹਾ ਪ੍ਰਧਾਨ ਢੀਂਡਸਾ ਦੇ ਨਾਲ ਰਲਿਆ
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਸਾਬਕਾ ਕੌਮੀ ਸੀਨੀਅਰ ਮੀਤ ਪ੍ਰਧਾਨ.....
ਪਟਿਆਲਾ- ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਸਾਬਕਾ ਕੌਮੀ ਸੀਨੀਅਰ ਮੀਤ ਪ੍ਰਧਾਨ, ਸਾਬਕਾ ਜਿਲ੍ਹਾ ਪ੍ਰਧਾਨ ਤੇ ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ ਨੇ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ। ਰਣਧੀਰ ਸਿੰਘ ਰੱਖੜਾ ਅਕਾਲੀ ਸਰਕਾਰ ਵੇਲੇ ਪੰਜਾਬ ਐਗਰੋ ਫੂਡ ਅਨਾਜ ਨਿਗਮ ਦੇ ਚੇਅਰਮੈਨ ਰਹਿ ਚੁੱਕੇ ਹਨ। ਜ਼ਿਲ੍ਹਾ ਪਟਿਆਲਾ ਵਿਚ ਉਨ੍ਹਾਂ ਦਾ ਵੱਡਾ ਅਧਾਰ ਹੈ ਅਤੇ ਇਹ ਪੰਜਾਬ ਦੇ ਪੁਰਾਣੇ ਪੰਥ ਦੇ ਨੇਤਾਵਾਂ ਵਿਚ ਗਿਣਿਆ ਜਾਂਦਾ ਹੈ।
ਰਾਜਨੀਤਿਕ ਮਾਹਰ ਮੰਨਦੇ ਹਨ ਕਿ ਰੱਖੜਾ ਵਰਗੇ ਪੰਥ ਲੀਡਰਾਂ ਦਾ ਅਕਾਲੀ ਦਲ ਨਾਲੋਂ ਟੁੱਟਣਾ ਪਾਰਟੀ ਲਈ ਨੁਕਸਾਨਦੇਹ ਸਿੱਧ ਹੋ ਸਕਦਾ ਹੈ। ਰਣਧੀਰ ਸਿੰਘ ਰੱਖੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਤਿ ਨਜ਼ਦੀਕੀਆਂ ਵਿਚੋਂ ਮੰਨਿਆ ਜਾਂਦਾ ਰਿਹਾ ਹੈ। ਯਾਦ ਰਹੇ ਕਿ ਰਣਧੀਰ ਸਿੰਘ ਰੱਖੜਾ ਤੇ ਇਨ੍ਹਾਂ ਦੇ ਸਾਥੀਆਂ ਨੇ ਕੁਝ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚੋਂ ਅਸਤੀਫਾ ਦੇ ਦਿੱਤਾ ਸੀ। ਢੀਂਡਸਾ ਨਾਲ ਰਲਣ ਮੌਕੇ ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਅਤੇ ਪੰਥ ਵਿਰੋਧੀ ਕਾਰਵਾਈਆਂ ਤੋਂ ਤੰਗ ਆ ਕੇ ਇਹ ਫੈਸਲਾ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਪਾਰਟੀਆ ਅਸੂਲਾਂ ਨਾਲ ਚੱਲਦੀਆਂ ਹਨ ਨਾ ਕਿ ਤਾਨਾਸ਼ਾਹੀ ਰਵੱਈਏ ਨਾਲ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਪਰਿਵਾਰਿਕ ਲਾਲਚਾਂ ਦੇ ਭਾਰੂ ਹੋਣ ਕਰਕੇ ਅਕਾਲੀ ਦਲ ਨੂੰ ਵਾਰ ਵਾਰ ਨਮੋਸ਼ੀਆ ਦਾ ਸਾਹਮਣਾ ਕਰਨ ਪੈ ਰਿਹਾ ਹੈ। ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ,ਇਹ ਸਮਝ ਚੁੱਕੇ ਹਨ। ਕਿ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਫੇਲ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦਿਨੋਂ ਦਿਨ ਹੋਰ ਵੀ ਨਿਘਾਰ ਵੱਲ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਹੁਣ ਘਬਰਾਹਟ ਵਿਚ ਆ ਕੇ ਆਪਣਾ ਸੰਤੁਲਨ ਖਰਾਬ ਕਰ ਚੁੱਕਾ ਹੈ।
ਅਸੀਂ ਮਹਿਸੂਸ ਕਰਦੇ ਹਾਂ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਪ੍ਰਧਾਨ ਦੀ ਅਗਵਾਈ ਵਿਚ ਕੰਮ ਕਰ ਰਹੇ ਹਾਂ ਜਿਸ ਨੇ ਆਪਣੇ ਨਿੱਜੀ ਮੁਫਾਦ ਲਈ ਹਮੇਸ਼ਾ ਪੰਥ ਅਤੇ ਪੰਜਾਬ ਨਾਲ ਧੋਖਾ ਕੀਤਾ ਹੈ। ਸੁਖਬੀਰ ਸਿੰਘ ਬਾਦਲ ਪਾਰਟੀ ਦੀ ਅਗਵਾਈ ਕਰਨ ਤੋਂ ਆਸਮਰੱਥ ਨਜਰ ਆ ਰਹੇ ਹਨ। ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਚੁੱਕਾ ਹੈ ਕਿ ਲੋਕ ਉਸ ਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰਦੇ। ਇਨ੍ਹਾਂ ਗੱਲਾਂ ਤੋਂ ਦੁੱਖੀ ਹੋ ਕੇ ਅਕਾਲੀ ਦਲ ਬਾਦਲ ਛੱਡ ਕੇ ਸੁਖਦੇਵ ਸਿੰਘ ਢੀਂਡਸਾ ਨਾਲ ਚੱਲਣ ਦਾ ਫੈਸਲਾ ਕੀਤਾ ਹੈ।
ਕਿਉਂ ਕਿ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਪੰਜਾਬੀਅਤ ਅਤੇ ਪੰਥ ਦੇ ਭਲੇ ਲਈ ਸਰੋਮਣੀ ਅਕਾਲੀ ਦਲ ਨੂੰ ਪੰਥਕ ਲੀਹਾਂ ਤੇ ਲਿਆਉਣ ਲਈ ਕਮਰਕੱਸਾ ਕੀਤਾ ਹੈ। ਅਤੇ ਜਿਸ ਮਕਸਦ ਨੂੰ ਲੈ ਕੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕਰਕੇ ਸਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਉਸ ਦੀ ਪੂਰਤੀ ਲਈ ਯੋਗਦਾਨ ਪਾਇਆ ਜਾ ਸਕੇ। ਰਣਧੀਰ ਸਿੰਘ ਰੱਖੜਾ ਦਾ ਢੀਂਡਸਾ ਨੇ ਸਿਰੋਪਾ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਅੱਜ ਸਾਨੂੰ ਬਹੁਤ ਭਾਰੀ ਬਲ ਮਿਲਿਆ ਹੈ ਕਿਉਂਕਿ ਰਣਧੀਰ ਸਿੰਘ ਰੱਖੜਾ ਨੇ ਪੰਥ ਅਤੇ ਪੰਜਾਬ ਲਈ ਆਪਣੀ ਪੂਰੀ ਜਿੰਦਗੀ ਲਗਾ ਦਿੱਤੀ ਹੈ
ਇਸ ਲਈ ਇਨ੍ਹਾਂ ਦੇ ਆਉਣ ਨਾਲ ਪੰਜਾਬ ਦੀ ਸਿਆਸਤ ਵਿਚ ਵੱਡੀ ਤਬਦੀਲੀ ਆਏਗੀ। ਇਨ੍ਹਾਂ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਪੰਜਾਬ, ਬਲਵੰਤ ਸਿੰਘ ਰਾਮੂਵਾਲੀਆ, ਦਵਿੰਦਰ ਸਿੰਘ ਸੋਢੀ ਸਿਆਸੀ ਸਲਾਹਕਾਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ੳ ਐਸ ਡੀ ਜਸਵਿੰਦਰ ਸਿੰਘ ਅਤੇ ਰਜਿੰਦਰ ਸਿੰਘ ਰਾਜਾ ਵੀ ਇਸ ਮੌਕੇ ਹਾਜ਼ਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।