ਮੋਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਚ ਬੁਰੀ ਤਰ੍ਹਾਂ ਨਾਕਾਮ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੀ ਅਗਵਾਈ ਵਿਚ ਪੰਜਾਬ ਦੇ ਸਾਂਸਦਾਂ ਨੇ ਅੱਜ ਪ੍ਰਧਾਨ ਮੰਤਰੀ..........

Sunil Kumar Jakhar

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੀ ਅਗਵਾਈ ਵਿਚ ਪੰਜਾਬ ਦੇ ਸਾਂਸਦਾਂ ਨੇ ਅੱਜ ਪ੍ਰਧਾਨ ਮੰਤਰੀ ਵਲੋਂ ਲੁਧਿਆਣਾ ਵਿਚ ਬੇਰੁਜ਼ਗਾਰਾਂ ਨੂੰ ਵੰਡੇ ਚਰਖ਼ੇ ਕੇਂਦਰ ਸਰਕਾਰ ਨੂੰ ਮੌੜਦਿਆਂ ਮੋਦੀ ਸਰਕਾਰ ਵਲੋਂ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਉਣ ਵਿਚ ਨਾਕਾਮ ਰਹਿਣ 'ਤੇ ਸੰਸਦ ਭਵਨ ਬਾਹਰ ਰੋਸ ਵਿਖਾਵਾ ਕੀਤਾ। ਇਸ ਮੌਕੇ ਜਾਖੜ ਨਾਲ ਹੋਰਨਾਂ ਤੋਂ ਇਲਾਵਾ ਸੰਤੋਖ ਚੌਧਰੀ, ਸ: ਗੁਰਜੀਤ ਸਿੰਘ ਔਜਲਾ ਅਤੇ ਸ: ਰਵਨੀਤ ਸਿੰਘ ਬਿੱਟੂ ਆਦਿ ਵੀ ਹਾਜ਼ਰ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਪਰ ਇਹ ਸਰਕਾਰ ਸਾਲਾਨਾ 2 ਲੱਖ ਨੌਕਰੀਆਂ ਦੇਣ ਵਿਚ ਵੀ ਨਾਕਾਮ ਰਹੀ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੇਭਰੋਸਗੀ ਮਤੇ ਦਾ ਜਵਾਬ ਦਿੰਦਿਆਂ ਵੀ ਲੰਬਾ ਭਾਸ਼ਣ ਦਿਤਾ ਪਰ ਫਿਰ ਵੀ ਉਨ੍ਹਾਂ ਦੇਸ਼ ਦੀ ਪੂੰਜੀ ਨੌਜਵਾਨਾਂ ਲਈ ਕੁੱਝ ਨਹੀਂ ਕਿਹਾ। 

ਜਾਖੜ ਨੇ ਕਿਹਾ ਕਿ 18 ਅਕਤੂਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਆਏ ਸਨ ਅਤੇ ਰੁਜ਼ਗਾਰ ਦੇ ਨਾਂਅ 'ਤੇ 500 ਚਰਖ਼ੇ ਵੰਡ ਕੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਚਰਖ਼ੇ ਦੇਣ ਨਾਲ ਤਾਂ ਰੁਜ਼ਗਾਰ ਸੰਪੂਰਨ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨ ਸਰਹੱਦਾਂ ਦੀ ਰਾਖੀ ਕਰਨ ਵਾਲੇ ਬਹਾਦਰ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਿਤਾ ਜਾਣਾ ਚਾਹੀਦਾ ਹੈ। ਇਸੇ ਲਈ ਅਸੀਂ ਇਹ ਚਰਖ਼ੇ ਕੇਂਦਰ ਸਰਕਾਰ ਨੂੰ ਵਾਪਸ ਕਰਨ ਆਏ ਹਾਂ।