ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਈਦ ਦਾ ਤਿਉਹਾਰ
ਮੁਸਲਿਮ ਭਾਈਚਾਰੇ ਵਲੋਂ ਈਦ-ਉਲ-ਜਹਾਂ (ਬਕਰੀਦ) ਦਾ ਤਿਉਹਾਰ ਪੂਰੇ ਸ਼ਹਿਰ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ.............
ਚੰਡੀਗੜ੍ਹ : ਮੁਸਲਿਮ ਭਾਈਚਾਰੇ ਵਲੋਂ ਈਦ-ਉਲ-ਜਹਾਂ (ਬਕਰੀਦ) ਦਾ ਤਿਉਹਾਰ ਪੂਰੇ ਸ਼ਹਿਰ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸਵੇਰੇ ਵਰ੍ਹਦੇ ਮੀਂਹ ਵਿਚ ਸ਼ਹਿਰ ਦੀ ਸੱਭ ਤੋਂ ਵੱਡੀ ਮਸਜਿਦ ਜਾਮਾ ਮਸਜਿਦ ਸੈਕਟਰ-20 'ਚ ਨਮਾਜ ਅਦਾ ਕੀਤੀ ਗਈ। ਇਸ ਮੌਕੇ ਦੂਰੋਂ-ਦੂਰੋਂ ਆਏ ਮੁਸਲਮਾਨਾਂ ਨੇ ਇਕ-ਦੂਜੇ ਦੇ ਗਲ ਲੱਗ ਕੇ ਮੁਬਾਰਕਾਂ ਦਿਤੀਆਂ ਅਤੇ ਇਕ ਦੂਜੇ ਨੂੰ ਤੋਹਫ਼ੇ ਵੀ ਵੰਡੇ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਵਲੋਂ ਵੀ ਅਪਣੇ ਮਾਪਿਆਂ ਨਾਂਲ ਨਮਾਜ 'ਚ ਹਿੱਸਾ ਲਿਆ ਗਿਆ।
ਸੈਕਟਰ 20 ਦੀ ਜਾਮਾ ਮਸਜਿਦ ਦੇ ਇਮਾਮ ਨੇ ਨਮਾਜ ਅਦਾ ਕਰਨ ਆਏ ਸਮੁੱਚੇ ਭਾਈਚਾਰੇ ਦੇ ਲੋਕਾਂ ਨੂੰ ਆਪਸੀ ਪ੍ਰੇਮ-ਪਿਆਰ ਅਤੇ ਭਾਈਚਾਰੇ ਵਿਚ ਖ਼ੁਸ਼ੀਆਂ ਦੀ ਕਾਮਨਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਛੱਤਰੀਆਂ ਤਾਣ ਕੇ ਨਮਾਜ ਅਦਾ ਕਰਨ ਜਾਂਦੇ ਵੇਖੇ ਗਏ। ਇਸ ਤੋਂ ਇਲਾਵਾ ਚੰਡੀਗੜ੍ਹ ਦੀਆਂ ਵੱਖ-ਵੱਖ ਥਾਵਾਂ, ਬੁੜੈਲ, ਮਸਜਿਦ, ਬਾਪੂ ਧਾਮ ਕਾਲੋਨੀ, ਮਨੀਮਾਜਰਾ, ਰਾਮਦਰਬਾਰ, ਧਨਾਸ ਅਤੇ ਸਾਰੰਗਪੁਰ 'ਚ ਈਦ ਤਿਉਹਾਰ ਮਨਾਏ ਜਾਣ ਦੀਆਂ ਖ਼ਬਰਾਂ ਪੁੱਜੀਆਂ ਹਨ, ਜਿਥੇ ਲੋਕਾਂ ਨੇ ਅਪਣੇ ਰਿਸ਼ਤੇਦਾਰਾਂ ਅਤੇ ਸਬੰਧੀਆਂ ਨਾਲ ਈਦ ਦਾ ਤਿਉਹਾਰ ਮਨਾਇਆ। ਇਸ ਮੌਕੇ ਚੰਡੀਗੜ੍ਹ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧ ਵੀ ਕੀਤੇ ਹੋਏ ਸਨ।
ਐਸ.ਏ.ਐਸ. ਨਗਰ : ਈਦ-ਉੂਲ-ਜੂਹਾ (ਬਕਰੀਦ) ਦਾ ਤਿਉਹਾਰ ਅੱਜ ਜ਼ਿਲ੍ਹੇ ਭਰ ਵਿਚ ਵੱਡੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਹਜਰਤ ਉਮਰ ਜਾਮਾ ਮਸਜਿਦ ਸਨੇਟਾ ਵਿਖੇ ਈਦ -ਉੂਲ-ਜੂਹਾ (ਬਕਰੀਦ) ਦੇ ਤਿਉਹਾਰ ਮੌਕੇ ਮੁਸਲਿਮ ਭਾਈਚਾਰੇ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਵੀ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਈਦ -ਉੂਲ-ਜੂਹਾ (ਬਕਰੀਦ) ਦੀ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਨੁਮਾਜ਼ 'ਚ ਚੇਅਰਮੈਨ ਵਕਬ ਬੋਰਡ ਪੰਜਾਬ ਜਨੇਦਾ ਰਜਾਖਾਨ ਵੀ ਵਿਚ ਉਚੇਚੇ ਤੌਰ ਤੇ ਸ਼ਾਮਲ ਹੋਏ।
ਸਿੱਧੂ ਨੇ ਕਿਹਾ ਕਿ ਸਾਡਾ ਦੇਸ਼ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਰੀਤੀ ਰਵਾਜਾ ਦਾ ਸੁਮੇਲ ਹੈ ਅਤੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਹਮੇਸ਼ਾਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿਤਾ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਵੀ ਨਿਜੀ ਹਿਤਾਂ ਤੋਂ ਉਪਰ ਉਠ ਕੇ ਸਾਂਝੇ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਸਿੱਧੂ ਨੇ ਇਸ ਮੌਕੇ ਮੁਸਲਮਾਨ ਵੈਲਫ਼ੇਅਰ ਕਮੇਟੀ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਅਤੇ ਰੋਟਰੀ ਕਲੱਬ ਚੰਡੀਗੜ੍ਹ ਮਿਡ ਟਾਊਨ ਦੀ ਸਹਾਇਤਾ ਨਾਲ ਲੋੜਵੰਦਾਂ ਨੂੰ ਟਰਾਈ ਸਾਈਕਲ ਵੀ ਮੁਫ਼ਤ ਵੰਡੇ।
ਸਿੱਧੂ ਨੇ ਦਸਿਆ ਕਿ ਕਿਰਤ ਵਿਭਾਗ ਪੰਜਾਬ ਵਲੋਂ ਕਿਰਤੀ ਕਾਮਿਆਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਵੱਧ ਤੋਂ ਵੱਧ ਕਿਰਤੀ ਕਾਮਿਆਂ ਨੂੰ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਸਿੱਧੂ ਦਾ ਮੁਸਲਮਾਨ ਵੈਲਫ਼ੇਅਰ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ।