ਸੰਮਤੀ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰੂ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ, ਮਾਨ ਦਲ ਅਤੇ ਖੱਬੇਪੱਖੀਆਂ ਦਾ ਮਸਾਂ ਖਾਤਾ ਖੁਲ੍ਹਿਆ...........

Congress

ਚੰਡੀਗੜ੍ਹ : ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਆ ਰਹੇ ਚੋਣ ਰੁਝਾਨਾਂ ਵਿਚ ਵੋਟਰਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਸਪਸ਼ਟ ਲੋਕ ਫ਼ਤਵਾ ਦਿਤਾ ਹੈ। ਕਈ ਜ਼ਿਲ੍ਹਿਆਂ ਵਿਚ ਕਾਂਗਰਸ ਪਾਰਟੀ ਦੀ ਹੂੰਝਾ ਫੇਰੂ ਜਿੱਤ ਵਲ ਵਧੀ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਵੱਡੀ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਦੇ 354 ਤੇ ਸੰਮਤੀ ਦੇ 2900 ਮੈਂਬਰਾਂ ਲਈ ਵੋਟਾਂ 19 ਸਤੰਬਰ ਨੂੰ ਪਈਆਂ ਸਨ। ਛੇ ਦਰਜਨ ਦੇ ਕਰੀਬ ਪੋਲਿੰਗ ਬੂਥਾਂ 'ਤੇ ਵਿਵਾਦ ਖੜਾ ਹੋਣ ਕਾਰਨ 21 ਨੂੰ ਦੁਬਾਰਾ ਤੋਂ ਪੋਲਿੰਗ ਕਰਵਾਈ ਗਈ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਚੋਣ ਨਤੀਜੇ ਕਾਂਗਰਸ ਪਾਰਟੀ ਦੇ ਹੱਕ ਵਿਚ ਜਾਣ ਦੇ ਸੰਕੇਤ ਵੋਟਾਂ ਦੇ ਦਿਨ ਹੀ ਆਉਣ ਲੱਗੇ ਸਨ ਜਦੋਂ ਵੋਟਰਾਂ ਨੇ ਮੱਠਾ ਹੁੰਗਾਰਾ ਦਿਤਾ ਸੀ ਤੇ ਪੋਲਿੰਗ ਸਿਰਫ਼ 58.10 ਫ਼ੀ ਸਦੀ ਹੀ ਹੋਈ ਸੀ। ਮਾਨਸਾ ਜ਼ਿਲ੍ਹੇ ਵਿਚ ਸੱਭ ਤੋਂ ਵੱਧ 77.66 ਫ਼ੀ ਸਦੀ ਅਤੇ ਤਰਨਤਾਰਨ ਜ਼ਿਲ੍ਹੇ ਵਿਚ ਸੱਭ ਤੋਂ ਘੱਟ 43.77 ਫ਼ੀ ਸਦੀ ਵੋਟਾਂ ਪਈਆਂ ਸਨ। ਇਸ ਤੋਂ ਬਿਨਾਂ 69 ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ। ਇਹ ਸਾਰੇ ਉਮੀਦਵਾਰ ਕਾਂਗਰਸ ਪਾਰਟੀ ਦੇ ਦਸੇ ਗਏ ਹਨ।

ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਪੱਧਰ 'ਤੇ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸੀ.ਪੀ.ਆਈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਮਸਾਂ ਖਾਤਾ ਹੀ ਖੋਲ੍ਹ ਸਕਿਆ ਹੈ। ਦਿਲਚਸਪ ਗੱਲ ਇਹ ਹੈ ਕਿ ਆਪ ਦਾ ਬਰਨਾਲਾ ਜ਼ਿਲ੍ਹੇ ਵਿਚ ਵੀ ਬੁਰਾ ਹਾਲ ਹੋਇਆ ਹੈ। ਇਹ ਉਹ ਜ਼ਿਲ੍ਹਾ ਹੈ ਜਿਥੋਂ ਸਾਰੇ ਵਿਧਾਇਕ ਆਪ ਦੇ ਜਿੱਤੇ ਸਨ ਤੇ ਮੈਂਬਰ ਪਾਰਲੀਮੈਂਟ ਵੀ ਭਗਵੰਤ ਮਾਨ ਵੀ ਇਸੇ ਹਲਕੇ ਤੋਂ ਚੁਣਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਮਜੀਠਾ ਹਲਕੇ ਵਿਚ ਵੱਡਾ ਹੁੰਗਾਰਾ ਮਿਲਿਆ। ਜਿਥੋਂ 32 ਵਿਚੋਂ 28 ਸੀਟਾਂ ਦਲ ਦੇ ਹੱਕ ਵਿਚ ਰਹੀਆਂ ਹਨ। 

ਸਰਕਾਰੀ ਤੌਰ 'ਤੇ ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹਿਆਂ ਦੀਆਂ ਸਾਰੀਆਂ 11 ਸੀਟਾਂ ਕਾਂਗਰਸ ਦੀ ਝੋਲੀ ਪਈਆਂ ਹਨ। ਪਠਾਨਕੋਟ ਵਿਚ ਕੁਲ 10 ਸੀਟਾਂ ਵਿਚੋਂ 9 ਕਾਂਗਰਸ ਨੇ ਜਿੱਤ ਲਈਆਂ ਹਨ ਤੇ ਇਕ 'ਤੇ ਭਾਜਪਾ ਜੇਤੂ ਰਹੀ ਹੈ। ਅਕਾਲੀ ਦਲ ਨੂੰ ਨਾਮੋਸ਼ੀ ਭਰੀ ਹਾਰ ਦਾ ਮੂੰਹ ਦੇਖਣਾ ਪਿਆ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਵਿਚ ਬਲਾਕ ਸੰਮਤੀ ਦੇ 25 ਜ਼ੋਨਾਂ ਵਿਚ 3 ਨਿਰਵਿਰੋਧ ਚੁਣੇ ਗਏ ਸਨ। 11 ਸੀਟਾਂ 'ਤੇ ਕਾਂਗਰਸ ਜੇਤੂ ਰਹੀ।