ਖ਼ਿੱਤੇ ਵਿਚ ਮੋਹਲੇਧਾਰ ਮੀਂਹ, ਕਿਸਾਨ ਘਬਰਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਮੌਸਮਾ ਮੀਂਹ ਝੋਨੇ ਦੀ ਫ਼ਸਲ ਲਈ ਚੰਗਾ ਨਹੀਂ.........

Heavy Rain in Region

ਚੰਡੀਗੜ੍ਹ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਸਨਿਚਰਵਾਰ ਨੂੰ ਭਾਰੀ ਮੀਂਹ ਪਿਆ। ਸਵੇਰ ਤੋਂ ਲੈ ਕੇ ਰਾਤ ਤਕ ਲਗਾਤਾਰ ਮੀਂਹ ਪੈਂਦਾ ਰਿਹਾ। ਅਚਾਨਕ ਪਏ ਮੀਂਹ ਨੇ ਇਨ੍ਹਾਂ ਖੇਤੀਬਾੜੀ ਰਾਜਾਂ ਵਿਚ ਝੋਨੇ ਦੀ ਫ਼ਸਲ 'ਤੇ ਕਾਫ਼ੀ ਮਾੜਾ ਅਸਰ ਪਾਇਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਮੀਂਹ ਕਾਰਨ ਤਾਪਮਾਨ ਕਾਫ਼ੀ ਘੱਟ ਗਿਆ ਹੈ ਪਰ ਇਹ ਮੀਂਹ ਪੱਕੇ ਖੜੇ ਝੋਨੇ ਲਈ ਨੁਕਸਾਨਦੇਹ ਹੈ। ਕਈ ਥਾਈਂ ਝੋਨੇ ਦੀ ਕਟਾਈ ਦਾ ਕੰਮ ਜਾਰੀ ਹੈ, ਇਸ  ਲਈ ਇਸ ਸਮੇਂ ਬਾਰਸ਼ ਦਾ ਹੋਣਾ ਠੀਕ ਨਹੀਂ। ਨਾਭਾ ਦੇ ਕਿਸਾਨ ਬਖ਼ਸ਼ੀਸ ਸਿੰਘ ਨੇ ਕਿਹਾ, 'ਕਟਾਈ ਦਾ ਕੰਮ ਜਾਰੀ ਹੈ ਅਤੇ ਬਾਰਸ਼ ਨਾਲ ਫ਼ਸਲ ਵਿਚ ਨਮੀ ਦੀ ਮਾਤਰਾ ਵੱਧ ਜਾਵੇਗੀ।

ਜੇ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚ ਸਕਦਾ ਹੈ।'  ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਖ਼ਰੀਦ ਇਕ ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਖੇਤੀਬਾੜੀ ਵਿਭਾਗਾਂ ਦੇ ਅਧਿਕਾਰੀ ਇਸ ਸਾਲ ਦੋਹਾਂ ਰਾਜਾਂ ਵਿਚ ਝੋਨੇ ਦੀ ਭਰਪੂਰ ਫ਼ਸਲ ਦੀ ਉਮੀਦ ਕਰ ਰਹੇ ਹਨ। ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਵਿਚ 200 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਕਲ ਰਾਜ ਭਰ ਵਿਚ 24 ਸਤੰਬਰ ਤਕ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿਤੀ ਸੀ। ਕਲ ਮੌਸਮ ਵਿਭਾਗ ਨੇ ਪਹਿਲਾਂ ਇਹ ਚੇਤਾਵਨੀ ਜਾਰੀ ਕੀਤੀ ਸੀ। ਅੱਜ ਸਵੇਰੇ ਤੋਂ ਹੀ ਖ਼ਿੱਤੇ ਵਿਚ ਮੋਹਲੇਧਾਰ ਤੇ ਭਾਰੀ ਮੀਂਹ ਸ਼ੁਰੂ ਹੋ ਗਿਆ।       (ਏਜੰਸੀ)