ਮੱਧ ਪ੍ਰਦੇਸ਼ 'ਚ ਮੀਂਹ ਕਾਰਨ ਟੁੱਟਿਆ 3 ਮਹੀਨੇ ਪਹਿਲਾਂ ਬਣਿਆ ਪੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਕੁੱਝ ਇਲਾਕਿਆਂ ਵਿਚ ਬੀਤੇ ਕੁੱਝ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਸੂਬੇ ਦੇ ਕਈ ਖੇਤਰਾਂ ਵਿਚ ਲੋਕਾਂ ਲਈ ਵੱਡੀਆਂ ਸਮੱਸਿਆਵਾਂ ਪੈਦਾ...

River Bridge Collapes Madhya Pradesh

ਭੋਪਾਲ : ਮੱਧ ਪ੍ਰਦੇਸ਼ ਦੇ ਕੁੱਝ ਇਲਾਕਿਆਂ ਵਿਚ ਬੀਤੇ ਕੁੱਝ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਸੂਬੇ ਦੇ ਕਈ ਖੇਤਰਾਂ ਵਿਚ ਲੋਕਾਂ ਲਈ ਵੱਡੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਸ਼ਿਵਪੁਰੀ ਵਿਚ ਕੁੱਝ ਸਮਾਂ ਪਹਿਲਾਂ ਬਣਾਇਆ ਗਿਆ ਕੂਨੋ ਨਦੀ ਦੇ ਪੁਲ਼ ਦਾ ਹਿੱਸਾ ਇਸੀ ਬਾਰਿਸ਼ ਵਿਚ ਵਹਿ ਗਿਆ। ਇਸ ਤੋਂ ਬਾਅਦ ਹੁਣ ਸ਼ਯੋਪੁਰ ਦਾ ਗਵਾਲੀਅਰ ਅਤੇ ਸ਼ਿਵਪੁਰੀ ਨਾਲੋਂ ਸੰਪਰਕ ਟੁੱਟ ਗਿਆ ਹੈ ਕਿਉਂਕਿ ਇਹ ਪੁਲ ਹੀ ਦੋਵੇਂ ਸ਼ਹਿਰਾਂ ਨੂੰ ਜੋੜਦਾ ਸੀ। ਪੁਲ ਦੇ ਟੁੱਟਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਸ ਦਈਏ ਕਿ ਇਸ ਪੁਲ ਦਾ ਉਦਘਾਟਨ ਹਾਲੇ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਇਸ ਨੂੰ ਬਣਾਉਣ ਵਿਚ 7.78 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਇਸ ਪੁਲ ਦੇ ਉਦਘਾਟਨ ਦੇ ਸਮੇਂ ਇਸ ਨੂੰ ਵਿਕਾਸ ਮਾਡਲ ਦੱਸਦੇ ਹੋਏ ਕਈ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਜੋ ਪਹਿਲੀ ਬਾਰਿਸ਼ ਨਾਲ ਹੀ ਬਾਰਿਸ਼ ਦੇ ਪਾਣੀ ਵਿਚ ਵਹਿ ਗਏ। ਸ਼ਿਵਪੁਰੀ ਤੋਂ ਭਾਜਪਾ ਦੇ ਵਿਧਾਇਕ ਪ੍ਰਹਿਲਾਦ ਭਾਰਤੀ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲ ਨਿਰਮਾਣ ਦੌਰਾਨ ਭ੍ਰਿਸ਼ਟਾਚਾਰ ਕੀਤਾ ਗਿਆ ਹੈ।

ਪੁਲ 'ਤੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਇਹ ਪੁਲ ਮਹਿਜ਼ ਤਿੰਨ ਮਹੀਨੇ ਵਿਚ ਹੀ ਢਹਿ ਢੇਰੀ ਹੋ ਗਿਆ। ਜਾਣਕਾਰੀ ਮੁਤਾਬਕ ਸ਼ਿਵਪੁਰੀ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਤੇਜ਼ ਬਾਰਿਸ਼ ਕਾਰਨ 500 ਛੋਟੇ ਘਰ ਪਾਣੀ ਵਿਚ ਵਹਿ ਗਏ ਹਨ। ਇਸ ਦੌਰਾਨ ਕਰੀਬ 150 ਲੋਕਾਂ ਨੂੰ ਬਚਾਇਆ ਗਿਆ ਜਦਕਿ ਇਸ ਸਾਲ ਦੀ ਬੱਚੀ ਪਾਣੀ ਵਿਚ ਡੁੱਬ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਦਸ ਦਈਏ ਕਿ ਪੁਲ ਦੇ ਟੁੱਟਣ ਨਾਲ ਲੋਕਾਂ ਵਲੋਂ ਸ਼ਿਵਰਾਜ ਚੌਹਾਨ ਸਰਕਾਰ 'ਤੇ ਉਂਗਲ ਉਠਾਈ ਜਾ ਰਹੀ ਹੈ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਸੁਬੇ ਵਿਚ  ਚੋਣ ਸਰਗਰਮੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਇਸ ਪੁਲ ਦੇ ਢਹਿਣ ਤੋਂ ਬਾਅਦ ਸ਼ਿਵਰਾਜ ਸਰਕਾਰ ਨੂੰ ਅਗਾਮੀ ਚੋਣਾਂ ਵਿਚ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ।