ਮੀਂਹ ਨੇ ਲੈ ਲਈ 1400 ਤੋਂ ਵੱਧ ਲੋਕਾਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਾਲ ਮਾਨਸੂਨ ਦੇ ਮੌਸਮ ਵਿਚ ਹੁਣ ਤਕ 10 ਰਾਜਾਂ ਵਿਚ ਮੀਂਹ, ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ 1400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ...........

Pepoles passed through the standing water due to the Rain

ਨਵੀਂ ਦਿੱਲੀ  : ਇਸ ਸਾਲ ਮਾਨਸੂਨ ਦੇ ਮੌਸਮ ਵਿਚ ਹੁਣ ਤਕ 10 ਰਾਜਾਂ ਵਿਚ ਮੀਂਹ, ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ 1400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿਚ ਜਾਨ ਗਵਾਉਣ ਵਾਲੇ 488 ਲੋਕ ਸ਼ਾਮਲ ਹਨ। ਗ੍ਰਹਿ ਮੰਤਰਾਲੇ ਮੁਤਾਬਕ ਰਾਸ਼ਟਰੀ ਆਫ਼ਤ ਪ੍ਰਤੀਕ੍ਰਿਆ ਕੇਂਦਰ ਮੁਤਾਬਕ ਕੇਰਲਾ ਵਿਚ ਮੀਂਹ ਅਤੇ ਹੜ੍ਹਾਂ ਕਾਰਨ 488 ਲੋਕਾਂ ਦੀ ਮੌਤ ਹੋ ਗਈ ਅਤੇ ਰਾਜ ਦੇ 14 ਜ਼ਿਲ੍ਹਿਆਂ ਵਿਚ ਕਰੀਬ 54.11 ਲੱਖ ਲੋਕ ਪ੍ਰਭਾਵਤ ਹੋਏ। ਕੇਰਲਾ ਵਿਚ ਇਹ ਪਿਛਲੀ ਇਕ ਸਦੀ ਦੀ ਸੱਭ ਤੋਂ ਖ਼ਰਾਬ ਹਾਲਤ ਸੀ। ਰਾਜ ਭਰ ਵਿਚ ਹੜ੍ਹਾਂ ਨਾਲ ਲਗਭਗ 14.52 ਲੱਖ ਲੋਕ ਬੇਘਰ ਹੋ ਗਏ ਹਨ ਅਤੇ ਉਹ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ।

ਇਸ ਦਖਣੀ ਰਾਜ ਵਿਚ 57,024 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ 'ਚ ਖੜੀ ਫ਼ਸਲ ਬਰਬਾਦ ਹੋ ਗਈ।  ਐਨਈਆਰਸੀ ਮੁਤਾਬਕ ਯੂਪੀ ਵਿਚ 254, ਪਛਮੀ ਬੰਗਾਲ ਵਿਚ 210, ਕਰਨਾਅਕ ਵਿਚ 170, ਮਹਾਰਾਸ਼ਟਰ ਵਿਚ 139, ਗੁਜਰਾਤ ਵਿਚ 52, ਆਸਾਮ ਵਿਚ 50, ਉਤਰਾਖੰਡ ਵਿਚ 37, ਉੜੀਸਾ ਵਿਚ 29 ਅਤੇ ਨਾਗਾਲੈਡ ਵਿਚ 11 ਲੋਕਾਂ ਦੀ ਮੌਤ ਹੋਈ ਹੈ।

ਇਸ ਦੌਰਾਨ ਇਨ੍ਹਾਂ ਰਾਜਾਂ ਵਿਚ 43 ਲੋਕ ਲਾਪਤਾ ਹੋ ਗਏ। ਕੇਰਲਾ ਵਿਚ 15, ਯੂਪੀ ਵਿਚ 14, ਪਛਮੀ ਬੰਗਾਲ ਵਿਚ ਪੰਜ, ਉਤਰਾਖੰਡ ਵਿਚ ਛੇ ਅਤੇ ਕਰਨਾਟਕ ਵਿਚ ਤਿੰਨ ਲੋਕ ਲਾਪਤਾ ਹੋ ਗਏ ਜਦਕਿ ਇਨ੍ਹਾਂ 10 ਰਾਜਾਂ ਵਿਚ ਹੜ੍ਹਾਂ ਨਾਲ ਸਬੰਧਤ ਘਟਨਾਵਾਂ ਵਿਚ 386 ਲੋਕ ਜ਼ਖ਼ਮੀ ਹੋ ਗਏ। ਉੜੀਸਾ ਵਿਚ 30 ਜ਼ਿਲ੍ਹੇ, ਮਹਾਰਾਸ਼ਟਰ ਵਿਚ 26 ਜ਼ਿਲ੍ਹੇ, ਆਸਾਮ ਵਿਚ 25, ਯੂਪੀ ਵਿਚ 23, ਪਛਮੀ ਬੰਗਾਲ ਵਿਚ 23, ਕੇਰਲਾ ਵਿਚ 14, ਉਤਰਾਖੰਡ ਵਿਚ 13 ਅਤੇ ਗੁਜਰਾਤ ਵਿਚ 19 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਤ ਰਹੇ। ਯੂਪੀ ਵਿਚ ਹੜ੍ਹਾਂ ਨਾਲ ਕਰੀਬ 3.42 ਲੱਖ ਲੋਕ ਪ੍ਰਭਾਵਤ ਰਹੇ।  (ਏਜੰਸੀ)