ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਲਗਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿਆਨੀ ਹਰਪ੍ਰੀਤ ਸਿੰਘ ਦੋਹਾਂ ਤਖ਼ਤਾਂ ਦੀ ਜ਼ਿੰਮੇਵਾਰੀ ਸੰਭਾਲਣਗੇ.........

Giani Harpreet Singh

ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾ ਦਿਤਾ ਗਿਆ। ਹੁਣ ਤਕ ਦੇ ਰਹਿ ਚੁਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਿਚੋਂ ਗਿਆਨੀ ਹਰਪ੍ਰੀਤ ਸਿੰਘ ਸੱਭ ਤੋਂ ਵੱਧ ਪੜ੍ਹੇ ਲਿਖੇ, ਬੇਦਾਗ਼ ਅਤੇ ਹਰ ਪੱਖ ਤੋਂ ਸੁਚੇਤ ਜਥੇਦਾਰ ਹਨ। ਉਹ ਧਰਮ ਅਧਿਐਨ ਦੀ ਐਮ.ਏ. ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚੋਂ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਮੇਸ਼ਵਰ ਦੇ ਸਰਗੁਣ ਨਾਵਾਂ ਵਿਸ਼ੇ 'ਤੇ ਪੀ.ਐਚ.ਡੀ. ਕਰ ਰਹੇ ਹਨ। ਬੁੱਧੀਜੀਵੀ ਵਰਗ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਸ ਫ਼ੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। 

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਤ੍ਰਿੰਗ ਕਮੇਟੀ ਦੀ ਹੋਈ ਮੀਟਿੰਗ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਫ਼ੈਸਲੇ ਦੀ ਪੱਤਰਕਾਰਾਂ ਨੂੰ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ  ਗਿਆਨੀ ਗੁਰਬਚਨ ਸਿੰਘ ਨੇ ਬੀਤੇ ਦਿਨੀਂ ਅਪਣੀ ਸਿਹਤ ਵਿਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਤ੍ਰਿੰਗ ਕਮੇਟੀ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ ਤੇ ਉਨ੍ਹਾਂ ਦੀ ਥਾਂ 'ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ।

ਭਾਈ ਲੌਂਗੋਵਾਲ  ਨੇ ਦਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੋਹਾਂ ਤਖ਼ਤਾਂ ਦੀ ਜ਼ਿੰਮੇਵਾਰੀ ਸੰਭਾਲਣਗੇ। ਦਸਣਯੋਗ ਹੈ ਕਿ ਇਕ ਮਹਤੱਵਪੂਰਨ ਫ਼ੈਸਲਾ ਲੈਣ ਲਈ ਬੁਲਾਈ ਗਈ ਇਹ ਮੀਟਿੰਗ ਮਹਿਜ਼ 10 ਮਿੰਟ ਵਿਚ ਹੀ ਖ਼ਤਮ ਹੋ ਗਈ। ਅਪਣੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਹੋਈ ਨਿਯੁਕਤੀ ਤੋਂ ਬਾਅਦ ਸੱਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਦੀ ਬਹਾਲੀ ਲਈ ਹਰ ਵਰਗ ਨੂੰ ਨਾਲ ਲੈ ਕੇ ਚਲਣਗੇ। ਉਨ੍ਹਾਂ ਕਿਹਾ ਕਿ ਉਹ ਪੰਥਕ ਏਕਤਾ ਦੇ ਹਾਮੀ ਹਨ ਤੇ ਪੰਥਕ ਏਕਤਾ ਲਈ ਉਹ ਹਰ ਵਿਅਕਤੀ ਨਾਲ ਗੱਲ ਕਰਨਗੇ।

ਉਹ ਕਿਸੇ ਇਕ ਧੜੇ, ਧਿਰ ਜਾਂ ਪਾਰਟੀ ਨਾਲ ਨਹੀਂ ਬਲਕਿ ਖ਼ਾਲਸਾ ਪੰਥ ਦੀ ਏਕਤਾ ਦੇ ਹਾਮੀ ਹਨ। ਅੰਮ੍ਰਿਤਸਰ ਆਉਣ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਗਿਆਨੀ ਹਰਪੀ੍ਰਤ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਅੰਮ੍ਰਿਤਸਰ ਆ ਕੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਆਮ ਤੌਰ 'ਤੇ ਗਿ. ਹਰਪ੍ਰੀਤ ਸਿੰਘ ਵਿਰੁਧ ਕੋਈ ਨਹੀਂ ਬੋਲ ਰਿਹਾ ਪਰ ਭਾਈ ਜਗਤਾਰ ਸਿੰਘ ਹਵਾਰਾ ਦੇ ਹਮਾਇਤੀ ਹਰ ਹਾਲਤ ਵਿਚ ਭਾਈ ਹਵਾਰਾ ਨੂੰ ਜਥੇਦਾਰ ਬਣਾਉਣਾ ਚਾਹੁੰਦੇ ਹਨ ਤੇ ਉਹ ਹੁਣ ਵੀ ਅਪਣੇ ਸਟੈਂਡ 'ਤੇ ਕਾਇਮ ਹਨ।

ਉੱਚ ਵਿਦਿਆ ਪ੍ਰਾਪਤ ਹਨ ਗਿਆਨੀ ਹਰਪ੍ਰੀਤ ਸਿੰਘ

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਲਗਾਏ ਗਏ ਗਿਆਨੀ ਹਰਪ੍ਰੀਤ ਸਿੰਘ ਉੱਚ ਵਿਦਿਆ ਪ੍ਰਾਪਤ ਹਨ। 21 ਅਪ੍ਰੈਲ 2017 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਜਥੇਦਾਰ ਵਜੋਂ ਸੇਵਾ ਸੰਭਾਲਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਮਤਿ ਦੀ ਤਾਲੀਮ ਸ਼੍ਰੋਮਣੀ ਕਮੇਟੀ ਦੀ ਧਾਰਮਕ ਸੰਸਥਾ 'ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਦਮਦਮਾ ਸਾਹਿਬ ਤਲਵੰਡੀ ਸਾਬੋ' ਤੋਂ ਤਿੰਨ ਸਾਲਾ ਕੋਰਸ ਦੌਰਾਨ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਇਕ ਸਾਲਾ 'ਡਿਪਲੋਮਾ ਇਨ ਡਿਵੀਨਿਟੀ' ਪਾਸ ਕੀਤਾ।

ਗਿ. ਹਰਪ੍ਰੀਤ ਸਿੰਘ ਨੇ ਧਰਮ ਅਧਿਐਨ ਵਿਚ ਪੰਜਾਬੀ ਯੂਨੀਵਰਸਟੀ ਤੋਂ ਮਾਸਟਰ ਡਿਗਰੀ ਵੀ ਹਾਸਲ ਕੀਤੀ ਹੋਈ ਹੈ। ਗਿਆਨੀ ਹਰਪ੍ਰੀਤ ਸਿੰਘ 1997 ਵਿਚ ਪ੍ਰਚਾਰਕ ਭਰਤੀ ਹੋਏ ਅਤੇ ਜੁਲਾਈ 1999 ਵਿਚ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਕਥਾਵਾਚਕ/ਮੁੱਖ ਗ੍ਰੰਥੀ ਬਣੇ। 17 ਸਾਲ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ 21 ਅਪ੍ਰੈਲ 2017 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ 22 ਅਕਤੂਬਰ 2018 ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ।

Related Stories