ਵਿਰਾਸਤ-ਏ-ਖ਼ਾਲਸਾ ਦੀ ਵਰ੍ਹੇਗੰਢ ਮੌਕੇ ਕਰਵਾਏ ਜਾਣਗੇ ਵਿਦਿਅਕ ਮੁਕਾਬਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ 8 ਵਰ੍ਹਿਆਂ ਦੌਰਾਨ ਪੰਜਾਬੀ ਸੱਭਿਆਚਾਰ ਨੂੰ ਜ਼ਿਕਰਯੋਗ ਢੰਗ ਦੇ ਨਾਲ ਰੂਪਮਾਨ ਕਰਦੇ ਵਿਰਾਸਤ-ਏ-ਖਾਲਸਾ ਨੇ ਜਿੱਥੇ ਵਿਸ਼ਵ ਭਰ ਦੇ ਵਿੱਚ ਮਕਬੂਲੀਅਤ ਹਾਸਲ ਕੀਤੀ ਹੈ

Virasat-E-Khalsa

ਸ੍ਰੀ ਅਨੰਦਪੁਰ ਸਾਹਿਬ (ਜੰਗ ਸਿੰਘ) : ਪੰਜਾਬ ਦੇ ਅਮੀਰ ਵਿਰਸੇ ਨੂੰ ਰੂਪਮਾਨ ਕਰਦੇ ਵਿਰਾਸਤ-ਏ-ਖਾਲਸਾ ਦੀ ਵਰ੍ਹੇਗੰਢ ਮੌਕੇ ਪ੍ਰਬੰਧਕਾਂ ਵਲੋਂ ਬੀਤੇ 8 ਵਰ੍ਹਿਆਂ ਦੀ ਭਰਪੂਰ ਸਫਲਤਾ ਨੂੰ ਵੱਡੇ ਪੱਧਰ 'ਤੇ ਆਮ ਲੋਕਾਂ ਤੇ ਇਲਾਕੇ ਦੇ ਵੱਖ-ਵੱਖ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਨਾਲ ਰਲ਼ ਕੇ ਮਨਾਉਣ ਦਾ ਫੈਸਲਾ ਕਰਦੇ ਹੋਏ, ਇਸ ਵਾਰ ਹਾਲਫ ਮੈਰਾਥਨ ਸਣੇ ਸ਼ਬਦ ਗਾਇਨ, ਲੋਕ ਗੀਤ, ਕਵਿਤਾ ਉਚਾਰਨ ਅਤੇ ਪੇਟਿੰਗ ਤੇ ਸਕੈਚ ਬਨਾਉਣ ਦੇ ਮੁਕਾਬਲੇ ਕਰਵਾਉਣ ਅਤੇ 550 ਪੌਦੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਬੀਤੇ 8 ਵਰ੍ਹਿਆਂ ਦੌਰਾਨ ਪੰਜਾਬੀ ਸੱਭਿਆਚਾਰ ਨੂੰ ਜ਼ਿਕਰਯੋਗ ਢੰਗ ਦੇ ਨਾਲ ਰੂਪਮਾਨ ਕਰਦੇ ਵਿਰਾਸਤ-ਏ-ਖਾਲਸਾ ਨੇ ਜਿੱਥੇ ਵਿਸ਼ਵ ਭਰ ਦੇ ਵਿੱਚ ਮਕਬੂਲੀਅਤ ਹਾਸਲ ਕੀਤੀ ਹੈ, ਉੱਥੇ ਹੀ ਹੁਣ ਤੱਕ ਇੱਕ ਕਰੋੜ ਸੱਤ ਲੱਖ ਦੇ ਕਰੀਬ ਸੈਲਾਨੀ ਇਸ ਅਜਾਇਬ ਘਰ ਨੂੰ ਵੇਖ ਚੁੱਕੇ ਹਨ, ਇੱਥੇ ਹੀ ਬੱਸ ਨਹੀਂ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਡਿਜ਼ਾਈਨ, ਭਵਨ ਨਿਰਮਾਣ ਕਲਾ ਨਾਲ ਜੁੜੇ ਵਿਦਿਆਰਥੀ ਜਾਂ ਫਿਰ ਅਜਾਇਬ ਘਰ ਬਨਾਉੇਣ ਵਾਲੀਆਂ ਸੰਸਥਾਵਾਂ ਦੀ ਇਹ ਅਕਸਰ ਕੌਸ਼ਿਸ਼ ਰਹਿੰਦੀ ਹੈ ਕਿ ਉਹ ਪਹਿਲਾ ਵਿਰਾਸਤ-ਏ-ਖਾਲਸਾ ਦਾ ਦੌਰਾ ਕਰਕੇ ਇੱਥੋਂ ਦੀਆਂ ਤਕਨੀਕਾਂ, ਰੱਖ-ਰਖਾਓ ਦਾ ਢੰਗ ਅਤੇ ਸੈਲਾਨੀਆਂ ਨੂੰ ਸੁਚੱਜੇ ਢੰਗ ਦੇ ਨਾਲ ਸਮੁੱਚਾ ਅਜਾਇਬ ਘਰ ਵਿਖਾਉਣ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਲੈਣ ਤਾਂ ਜੋ ਉਨ੍ਹਾਂ ਦੇ ਅਧਾਰ ਤੇ ਹੀ ਉਹ ਆਪਣੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ।

ਇਹੀ ਕਾਰਨ ਹੈ ਕਿ ਮੈਨੇਜਮੈਂਟ ਵੱਲੋਂ ਸਫਲਤਾ ਪੂਰਵਕ ਮੁਕੰਮਲ ਕੀਤੇ ਗਏ 8 ਸਾਲਾਂ ਤੋਂ ਬਾਅਦ 9ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਮੌਕੇ ਕੁਝ ਸਮਾਗਮ ਉਲੀਕੇ ਗਏ ਹਨ। ਇਨ੍ਹਾਂ ਵਿੱਚ ਮੁੱਖ ਤੌਰ ਤੇ ਐਤਵਾਰ 24 ਨਵੰਬਰ ਨੂੰ ਸਵੇਰੇ ਹਾਲਫ ਮੈਰਾਥਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਲਾਕੇ ਭਰ ਦੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦੇ ਲਈ 23 ਨਵੰਬਰ ਨੂੰ ਸਕੈਚ ਤੇ ਪੇਟਿੰਗ ਬਨਾਉਣ ਦੇ ਮੁਕਾਬਲੇ ਕਰਵਾਏ ਗਏ, ਜਦਕਿ ਇਸੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਪੌਦੇ ਵੀ ਵਿਰਾਸਤ-ਏ-ਖਾਲਸਾ ਦੇ ਅੰਦਰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸੇ ਤਰ੍ਹਾਂ 24 ਨਵੰਬਰ ਐਤਵਾਰ ਨੂੰ ਹਾਲਫ ਮੈਰਾਥਨ ਦੇ ਤਹਿਤ 5, 10 ਅਤੇ 21 ਕਿਲੋਮੀਟਰ ਦੀ ਦੌੜ ਕਰਵਾਏ ਜਾਵੇਗੀ। ਜਦਕਿ ਹੁਣ ਤੱਕ ਨੌਜੁਆਨਾਂ ਦੇ ਨਾਲ-ਨਾਲ 65, 68 ਅਤੇ 70 ਸਾਲਾਂ ਦੇ ਬਜ਼ੁਰਗਾਂ ਵੱਲੋਂ ਦੌੜ ਵਾਸਤੇ ਆਪਣੀ ਰਜਿਸ਼ਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ 25 ਨਵੰਬਰ ਸੋਮਵਾਰ ਨੂੰ ਇਲਾਕੇ ਭਰ ਦੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਲਈ ਸ਼ਬਦ ਗਾਇਨ, ਲੋਕ ਗੀਤ, ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।