ਧਰਮ ਤੇ ਵਿਰਾਸਤ ਦੇ ਅਣਛੋਹੇ ਪਹਿਲੂਆਂ ਨੂੰ ਰੂਪਮਾਨ ਕਰ ਗਈ ਹੈਰੀਟੇਜ ਵਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਨਾਨਕ ਜੀ ਨਾਲ ਸਬੰਧਤ ਗੁਰੂਧਾਮਾਂ ਤੇ ਸ਼ਹਿਰ ਦੇ 1000 ਸਾਲ ਦੇ ਇਤਿਹਾਸ ਬਾਰੇ ਦਿਤੀ ਵੱਡਮੁਲੀ ਜਾਣਕਾਰੀ

Heritage Walk

ਚੰਡੀਗੜ੍ਹ/ਸੁਲਤਾਨਪੁਰ ਲੋਧੀ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਗਈ ਅਪਣੀ ਤਰ੍ਹਾਂ ਦੀ ਪਹਿਲੀ 'ਹੈਰੀਟੇਜ਼ ਵਾਕ' ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰੂਧਾਮਾਂ ਤੇ ਪਵਿੱਤਰ ਸ਼ਹਿਰ ਦੇ 1000 ਸਾਲ ਪੁਰਾਣੇ ਇਤਿਹਾਸ ਨਾਲ ਸਬੰਧਤ ਅਣਛੋਹੇ ਪਹਿਲੂਆਂ ਨੂੰ ਰੂਪਮਾਨ ਕੀਤਾ।  

ਸ਼ਹੀਦ ਊਧਮ ਸਿੰਘ ਚੌਂਕ ਤੋਂ ਚਲ ਕੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰੂਧਾਮਾਂ ਤੇ ਹੋਰ ਇਤਿਹਾਸਕ ਸਥਾਨਾਂ ਦੇ ਇਤਿਹਾਸ ਬਾਰੇ ਚਾਨਣਾ ਪਾਉਂਦੀ ਇਹ ਵਾਕ ਇਕ ਵਿਸ਼ਾਲ ਨਗਰ ਕੀਰਤਨ ਦਾ ਰੂਪ ਧਾਰਨ ਕਰ ਗਈ। ਸੰਗਤ ਵਲੋਂ ਥਾਂ-ਥਾਂ ਰੰਗੋਲੀਆਂ ਬਣਾ ਕੇ, ਫੁੱਲਾਂ ਦੀ ਵਰਖਾ ਕਰ ਕੇ ਜ਼ੈਕਾਰਿਆਂ ਦੀ ਗੂੰਜ ਵਿਚ ਹੈਰੀਟੇਜ਼ ਵਾਕ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਰੂਟ ਉੱਪਰ ਪੈਂਦੇ ਹਰ ਚੌਕ ਵਿਚ ਲੰਗਰ ਦੀ ਵਿਵਸਥਾ ਵੀ ਕੀਤੀ ਗਈ।

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪਟਿਆਲਾ ਫ਼ਾਊਂਡੇਸ਼ਨ ਵਲੋਂ ਕਰਵਾਈ ਗਈ ਵਾਕ ਸਵੇਰੇ ਸ਼ਹੀਦ ਊਧਮ ਸਿੰਘ ਚੌਕ ਤੋਂ ਪੂਰੀ ਗਰਮਜੋਸ਼ੀ ਨਾਲ ਸ਼ੁਰੂ ਹੋਈ। ਇਸ ਹੈਰੀਟੇਜ ਵਾਕ ਦੀ ਅਗਵਾਈ ਮੁੱਖ ਮੰਤਰੀ ਤੇ ਮੁੱਖ ਪ੍ਰਮੁੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਨੇ ਕੀਤੀ। ਜਿੱਥੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵਿਧਾਇਕ ਨਵਤੇਜ ਸਿੰਘ ਚੀਮਾ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਅਨਿੰਦਿੱਤਾ ਮਿੱਤਰਾ, ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ, ਆਈ.ਜੀ. ਨੌਨਿਹਾਲ ਸਿੰਘ ਨੇ ਵੀ ਸ਼ਿਰਕਤ ਕੀਤੀ ਉੱਥੇ ਹੀ ਪਟਿਆਲਾ ਫ਼ਾਊਂਡੇਸ਼ਨ ਦੇ 300 ਦੇ ਕਰੀਬ ਵਲੰਟੀਅਰਾਂ ਤੇ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਨੇ ਹੈਰੀਟੇਜ਼ ਵਾਕ ਵਿਚ ਵੱਧ ਚੜਕੇ ਹਿੱਸਾ ਲਿਆ।

ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਨੌਜਵਾਨ ਪੀੜੀ ਨੂੰ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਸਥਾਨਾਂ, ਸ਼ਹਿਰ ਦੇ 1000 ਸਾਲਾਂ ਦੇ ਇਤਿਹਾਸਿਕ ਪਹਿਲੂਆਂ ਤੇ ਬੋਧੀਆਂ ਦੇ ਸਿਖਿਆ ਕੇਂਦਰ ਵਜੋਂ ਵਿਕਸਤ ਹੋਣ ਬਾਰੇ ਪਟਿਆਲਾ ਫ਼ਾਊਂਡੇਸ਼ਨ ਦੇ ਚੇਅਰਮੈਨ ਰਵੀ ਆਹਲੂਵਾਲੀਆ ਨੇ ਜਾਣਕਾਰੀ ਦਿਤੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।