SAD ਨਾਲ ਗਠਜੋੜ ਬਾਰੇ ਬੋਲੇ BJP ਆਗੂ, ‘ਇਕੋ ਪਰਿਵਾਰ ਨੂੰ ਪੰਜਾਬ ਲੁੱਟਣ ਦੀ ਤਾਕਤ ਨਹੀਂ ਦੇਵਾਂਗੇ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਦੀ ਪ੍ਰਤੀਕਿਰਿਆ

BJP leader Harjeet Grewal

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹਨ। ਇਸ ਦੌਰਾਨ ਕਈ ਨਵੀਆਂ ਪਾਰਟੀਆਂ ਬਣਨ ਅਤੇ ਪੁਰਾਣੀਆਂ ਪਾਰਟੀਆਂ ਵਿਚਾਲੇ ਗਠਜੋੜ ਦਾ ਸਿਲਸਿਲਾ ਜਾਰੀ ਹੈ। ਇਹਨੀਂ ਦਿਨੀਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਨੂੰ ਲੈ ਕੇ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ।

ਇਸ ਨੂੰ ਲੈ ਕੇ ਭਾਜਪਾ ਨੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਕੀਮਤ ’ਤੇ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਸਮਝੌਤਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਇਕੋ ਪਰਿਵਾਰ ਨੂੰ ਪੰਜਾਬ ਲੁੱਟਣ ਦੀ ਕਾਰਕ ਨਹੀਂ ਦੇਵਾਂਗੇ। ਹਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਇੰਚਾਰਜ ਨੇ ਸਿਰਫ ਇਹ ਕਿਹਾ ਸੀ ਕਿ ਜੇਕਰ ਅਕਾਲੀ ਦਲ ਛੋਟੇ ਭਰਾ ਦੀ ਤਰ੍ਹਾਂ ਆਉਣਾ ਚਾਹੁੰਦਾ ਹੈ ਤਾਂ ਆ ਜਾਵੇ, ਵੱਡੇ ਭਰਾ ਦੀ ਤਰ੍ਹਾਂ ਨਹੀਂ।

ਹੋਰ ਪੜ੍ਹੋ: ਰਾਸ਼ਟਰਪਤੀ ਵਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਦਾ ਸਨਮਾਨ, ਸ਼ਹੀਦ ਗੁਰਤੇਜ ਸਿੰਘ ਨੂੰ ਮਿਲਿਆ 'ਵੀਰ ਚੱਕਰ'

ਉਹਨਾਂ ਕਿਹਾ ਕਿ ਨਾ ਤਾਂ ਅਕਾਲੀ ਦਲ ਵਲੋਂ ਸਮਝੌਤੇ ਲਈ ਕੋਈ ਪ੍ਰਸਤਾਵ ਆਇਆ ਹੈ ਤੇ ਨਾ ਹੀ ਅਸੀਂ ਕੋਈ ਪ੍ਰਸਤਾਵ ਭੇਜਿਆ ਹੈ। ਸਾਡਾ ਕੋਈ ਸਮਝੌਤਾ ਨਹੀਂ ਹੋਵੇਗਾ। ਭਾਜਪਾ ਆਗੂ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ 117 ਸੀਟਾਂ ’ਤੇ ਚੋਣ ਲੜੇਗੀ। ਅਸੀਂ ਅਪਣਾ ਮੁੱਖ ਮੰਤਰੀ ਬਣਾਵਾਂਗੇ, ਅਸੀਂ ਸੁਖਬੀਰ ਬਾਦਲ ਨੂੰ ਸਮਰਥਨ ਕਿਉਂ ਦੇਈਏ?  ਅਸੀਂ ਇਕੋ ਪਰਿਵਾਰ ਨੂੰ ਪੰਜਾਬ ਲੁੱਟਣ ਦੀ ਤਾਕਤ ਨਹੀਂ ਦੇਵਾਂਗੇ।

ਹੋਰ ਪੜ੍ਹੋ: 26/11 ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਮਨਮੋਹਨ ਸਿੰਘ ਦੀ ਸਰਕਾਰ 'ਤੇ ਹਮਲਾ

ਉਹਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਪਹਿਲਾ ਸਮਝੌਤਾ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਵਿਕਾਸ ਲਈ ਸੀ। ਖੇਤੀ ਕਾਨੂੰਨਾਂ ਬਾਰੇ ਗੱਲ ਕਰਦਿਆਂ ਹਰਜੀਤ ਗਰੇਵਾਲ ਨੇ ਕਿਹਾ ਕਿ ਅਸੀਂ ਕੁਝ ਲੋਕਾਂ ਨੂੰ ਸਮਝਾਉਣ ਵਿਚ ਕਾਮਯਾਬ ਨਹੀਂ ਹੋ ਸਕੇ, ਸਾਡੇ ਕਾਨੂੰਨ ਕਿਸਾਨ ਹਿੱਤ ਵਿਚ ਸਨ। ਇਸ ਲਈ ਸਰਕਾਰ ਨੇ ਕਿਸਾਨਾਂ ਲਈ ਕਾਨੂੰਨ ਵਾਪਸ ਲਏ।