ਵਿਧਾਇਕਾਂ ਦੇ ਪ੍ਰੋਟੋਕੋਲ ਦੀ ਉਲੰਘਣਾ ਦੀ ਸ਼ਿਕਾਇਤ ਮਗਰੋਂ ਵਿਸ਼ੇਸ਼ ਅਧਿਕਾਰ ਕਮੇਟੀ ਨੇ 5 ਜ਼ਿਲ੍ਹਿਆਂ ਦੇ DCs ਨੂੰ ਕੀਤਾ ਤਲਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸ਼ੇਸ਼ ਅਧਿਕਾਰ ਕਮੇਟੀ ਦੁਆਰਾ ਸਾਰੇ ਡੀਸੀ ਨੂੰ ਪ੍ਰੋਟੋਕੋਲ ਦੀ ਉਲੰਘਣਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

Kulwant Singh Pandori

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਪੰਜਾਬ ਦੇ ਜ਼ਿਲ੍ਹਿਆਂ ਵਿਚ ਸਰਕਾਰੀ ਪ੍ਰੋਗਰਾਮਾਂ ਦੌਰਾਨ ਵਿਧਾਇਕਾਂ ਨੂੰ ਬਣਦਾ ਮਾਣ-ਸਤਿਕਾਰ ਨਾ ਦੇਣ ਲਈ ਪੰਜ ਜ਼ਿਲ੍ਹਿਆਂ ਦੇ ਡੀਸੀ ਨੂੰ ਤਲਬ ਕੀਤਾ ਹੈ। ਇਹਨਾਂ ਵਿਚ ਬਠਿੰਡਾ, ਤਰਨਤਾਰਨ, ਸੰਗਰੂਰ, ਮੋਹਾਲੀ ਅਤੇ ਨਵਾਂਸ਼ਹਿਰ ਦੇ ਡੀਸੀ ਸ਼ਾਮਲ ਹਨ। ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੀਟਿੰਗ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਨਵਾਂਸ਼ਹਿਰ, ਤਰਨਤਾਰਨ ਅਤੇ ਸੰਗਰੂਰ ਦੇ ਡੀਸੀਜ਼ ਨੇ ਆਪਣੀ ਗਲਤੀ ਮੰਨ ਲਈ। ਵਿਸ਼ੇਸ਼ ਅਧਿਕਾਰ ਕਮੇਟੀ ਦੁਆਰਾ ਸਾਰੇ ਡੀਸੀ ਨੂੰ ਪ੍ਰੋਟੋਕੋਲ ਦੀ ਉਲੰਘਣਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

ਬਠਿੰਡਾ ਦੇ ਡੀਸੀ ਨੇ ਕਮੇਟੀ ਅੱਗੇ ਪੇਸ਼ ਹੋਣ ਤੋਂ ਛੋਟ ਮੰਗੀ ਸੀ ਜਦਕਿ ਮੁਹਾਲੀ ਦੇ ਡੀਸੀ ਕਮੇਟੀ ਅੱਗੇ ਪੇਸ਼ ਨਹੀਂ ਹੋਏ। ਕਮੇਟੀ ਨੇ ਡੀਸੀ 'ਤੇ ਅਗਲੀ ਕਾਰਵਾਈ ਲਈ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ। ਦੂਜੇ ਪਾਸੇ ਮੁਹਾਲੀ ਦੇ ਡੀਸੀ ਨੇ ਕਿਹਾ ਹੈ ਕਿ ਉਹਨਾਂ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਸਬੰਧੀ ਕੋਈ ਅਗਾਊਂ ਸੂਚਨਾ ਨਹੀਂ ਮਿਲੀ। ਕਮੇਟੀ ਨੇ ਬਠਿੰਡਾ ਅਤੇ ਮੁਹਾਲੀ ਦੇ ਡੀਸੀ ਨੂੰ ਅਗਲੀ ਪੇਸ਼ੀ ਲਈ ਤਲਬ ਕੀਤਾ ਹੈ।

ਕਮੇਟੀ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਹਾਜ਼ਰ ਤਿੰਨੋਂ ਡੀਸੀਜ਼ ਨੂੰ ਭਵਿੱਖ ਵਿਚ ਅਜਿਹੀ ਅਣਗਹਿਲੀ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ। ਇਸ ਦੇ ਨਾਲ ਹੀ ਵਿਧਾਇਕਾਂ ਨੂੰ ਪੂਰਾ ਮਾਣ-ਸਤਿਕਾਰ ਦੇਣ ਸਬੰਧੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਭੇਜ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦਰਅਸਲ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਦੌਰਾਨ ਕੁਝ ਜ਼ਿਲ੍ਹਿਆਂ ਦੇ ਡੀਸੀ ਨੇ ਵਿਧਾਇਕਾਂ ਲਈ ਨਿਰਧਾਰਤ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ। ਵਿਧਾਇਕਾਂ ਵੱਲੋਂ ਬਣਦਾ ਸਨਮਾਨ ਨਾ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਦਰਅਸਲ ਸਮਾਗਮ ਵਿਚ ਮੁੱਖ ਮਹਿਮਾਨ ਦੀ ਕੁਰਸੀ ਦੇ ਨਾਲ ਹੀ ਵਿਧਾਇਕ ਦੀ ਕੁਰਸੀ ਰੱਖੀ ਜਾਂਦੀ ਹੈ ਪਰ ਉਪਰੋਕਤ ਪੰਜੇ ਜ਼ਿਲ੍ਹਿਆਂ ਵਿਚ ਅਜਿਹਾ ਕਰਨ ਵਿਚ ਲਾਪ੍ਰਵਾਹੀ ਵਰਤੀ ਗਈ। ਹੁਣ ਇਹ ਕਾਰਵਾਈ ਪ੍ਰੋਗਰਾਮ ਤੋਂ ਬਾਅਦ ਵਿਧਾਇਕਾਂ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਕੀਤੀ ਗਈ ਹੈ।