ਪਰਮਿੰਦਰ ਢੀਂਡਸਾ ਨੂੰ ਲੈ ਕੇ ਆਈ ਵੱਡੀ ਖ਼ਬਰ, ਕਿਸੇ ਸਮੇਂ ਵੀ ਕਰ ਸਕਦੇ ਨੇ ਬਗਾਵਤ

ਏਜੰਸੀ

ਖ਼ਬਰਾਂ, ਪੰਜਾਬ

ਦੱਸ ਦਈਏ ਕਿ ਸਾਬਕਾ ਵਿੱਤ ਮੰਤਰੀ ਤੇ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ

Parminder Singh Dhindsa to be out of SAD!

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅੰਦਰ ਉਠ ਰਹੀਆਂ ਬਗਾਵਤ ਦੀਆਂ ਸੁਰਾਂ ਅਜੇ ਸ਼ਾਂਤ ਹੋਣ ਦੇ ਅਸਾਰ ਨਜ਼ਰ ਨਹੀਂ ਆ ਰਹੇ। ਪਹਿਲਾਂ ਹੀ ਪਾਰਟੀ ਦੇ ਕਈ ਸੀਨੀਅਰ ਬਜ਼ੁਰਗ ਆਗੂ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਪਿਛਲੇ ਦਿਨੀਂ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਪਾਰਟੀ ਨੀਤੀਆਂ ਨੂੰ ਜਨਤਕ ਤੌਰ 'ਤੇ ਭੰਡ ਚੁੱਕੇ ਹਨ। ਹੁਣ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੀ ਪਾਰਟੀ ਨੂੰ ਕਿਸੇ ਸਮੇਂ ਵੀ ਅਲਵਿਦਾ ਕਹਿ ਸਕਦੇ ਹਨ।

ਦੱਸ ਦਈਏ ਕਿ ਸਾਬਕਾ ਵਿੱਤ ਮੰਤਰੀ ਤੇ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਪਣੇ ਪਿਤਾ ਵਾਂਗ ਪਿਛਲੇ ਸਮੇਂ ਤੋਂ ਅਕਾਲੀ ਦਲ ਤੋਂ ਨਰਾਜ ਚਲੇ ਆ ਰਹੇ ਹਨ। ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਵੀ ਉਨ੍ਹਾਂ ਨੇ ਸਿਆਸੀ ਸਰਗਰਮੀਆਂ ਤੋਂ ਕਿਨਾਰਾ ਕਰੀ ਰੱਖਿਆ ਸੀ। ਉਨ੍ਹਾਂ ਨੇ ਅਜੇ ਤਕ ਚੁਪੀ ਵੱਟੀ ਹੋਈ ਹੈ ਅਤੇ ਉਹ ਮੀਡੀਆ ਸਾਹਮਣੇ ਆਉਣ ਤੋਂ ਵੀ ਕਤਰਾਅ ਰਹੇ  ਹਨ। ਉਨ੍ਹਾਂ ਵਲੋਂ ਪਾਰਟੀ ਤੋਂ ਵੀ ਨਿਰੰਤਰ ਦੂਰੀ ਬਣਾਈ ਹੋਈ ਹੈ। ਉਨ੍ਹਾਂ ਦੀ ਲੰਮੀ ਚੁਪੀ ਨੂੰ ਵੇਖਦਿਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਕਿਸੇ ਸਮੇਂ ਵੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।

ਪਰਮਿੰਦਰ ਸਿੰਘ ਢੀਂਡਸਾ ਦੀ ਬਗਾਵਤ ਨਾਲ ਪਾਰਟੀ ਨੂੰ ਕਈ ਮੋਰਚਿਆਂ 'ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਦਨ 'ਚ ਵਿਰੋਧੀ ਧਿਰ ਦਾ ਆਗੂ ਬਣਾਉਣ ਦੇ ਨਾਲ ਨਾਲ ਸੂਬੇ ਦੀ ਵਿੱਤੀ ਹਾਲਤ 'ਤੇ ਸਰਕਾਰ ਨੂੰ ਘੇਰਨ 'ਚ ਵੀ ਦਿੱਕਤ ਆ ਸਕਦੀ ਹੈ।

ਇਸ ਸਮੇਂ ਪਾਰਟੀ ਕੋਲ ਬਿਕਰਮ ਸਿੰਘ ਮਜੀਠੀਆ ਤੇ ਸ਼ਰਨਜੀਤ ਸਿੰਘ ਢਿੱਲੋਂ ਸੀਨੀਅਰ ਆਗੂ ਹਨ।  ਮਜੀਠੀਆ ਸਦਨ ਵਿਚ ਸਰਕਾਰ ਨੂੰ ਵੱਖ ਵੱਖ ਮੁਦਿਆਂ 'ਤੇ ਘੇਰ ਕੇ ਸਰਕਾਰ ਲਈ ਸੰਕਟ ਜ਼ਰੂਰ ਖੜ੍ਹਾ ਕਰਦੇ ਰਹਿੰਦੇ ਹਨ ਪਰ ਜੇਕਰ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਦਿਤਾ ਜਾਂਦਾ ਹੈ ਤਾਂ ਪਾਰਟੀ 'ਤੇ ਪਰਵਾਰਵਾਦ ਦਾ ਇਕ ਹੋਰ ਲੱਗਣ ਦੇ ਅਸਾਰ ਬਣ ਜਾਂਦੇ ਹਨ।

ਕਾਬਲੇਗੌਰ ਹੈ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਿਛਲੇ ਸਾਲ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਪਾਸੇ ਹੋ ਗਏ ਸਨ। ਇਸੇ ਸਾਲ 19 ਅਕਤੂਬਰ ਨੂੰ ਉਨ੍ਹਾਂ ਨੇ ਰਾਜ ਸਭਾ ਦੇ ਆਗੂ ਦੇ ਤੌਰ 'ਤੇ ਵੀ ਅਸਤੀਫ਼ਾ ਦੇ ਦਿਤਾ ਸੀ। ਅਸਤੀਫ਼ਾ ਦੇਣ ਤੋਂ ਬਾਅਦ ਢੀਂਡਸਾ ਨੇ ਅਕਾਲੀ ਦਲ ਦੀਆਂ ਮੀਟਿੰਗਾਂ ਅਤੇ ਪ੍ਰੋਗਰਾਮਾਂ ਤੋਂ ਕਿਨਾਰਾ ਕਰ ਲਿਆ ਸੀ। ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਅੰਦਰ ਸਰਗਰਮ ਸਨ, ਪਰ ਉਨ੍ਹਾਂ ਦੇ ਪਾਰਟੀ 'ਚੋਂ ਬਾਹਰ ਜਾਣ ਦੀਆਂ ਕਿਆਸ ਅਰਾਈਆਂ ਦਾ ਬਜ਼ਾਰ ਗਰਮ ਹੈ।