ਪੰਜਾਬ ‘ਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਨੌਜਵਾਨ ਚੜਿਆ ਪੁਲਿਸ ਹੱਥੇ
ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿਚ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ...
ਜਲੰਧਰ : ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿਚ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨੌਜਵਾਨ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਹ ਕਾਰਵਾਈ ਜਲੰਧਰ ਦੇਹਾਤ ਪੁਲਿਸ ਦੀ ਸੀਆਈਏ ਸ਼ਾਖਾ ਨੇ ਕੀਤੀ। ਦੋਸ਼ੀ ਵਲੋਂ 2 ਪਿਸਟਲ (12 ਬੋਰ), 2 ਪਿਸਤੌਲ (315 ਬੋਰ) ਅਤੇ 8 ਕਾਰਤੂਸ ਬਰਾਮਦ ਹੋਏ ਹਨ।
ਐਸਐਸਪੀ ਦੇਹਾਤ ਨਵਜੋਤ ਸਿੰਘ ਮਾਹਲ ਅਤੇ ਐਸਪੀ ਡੀ ਬਲਕਾਰ ਸਿੰਘ ਨੇ ਦੱਸਿਆ ਕਿ 14 ਜਨਵਰੀ ਨੂੰ ਜਲੰਧਰ ਦੇਹਾਤ ਦੀ ਸੀਆਈਏ ਸਟਾਫ਼-2 ਨੇ 9 ਪਿਸਟਲ, 73 ਕਾਰਤੂਸ, ਅਤੇ 250 ਗਰਾਮ ਹੈਰੋਇਨ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਦੋਸ਼ੀਆਂ ਨੇ ਪੁੱਛਗਿਛ ਵਿਚ ਯੂਪੀ ਦੇ ਬਿਜਨੌਰ ਨਿਵਾਸੀ ਇਸਰਾਰ ਅਹਿਮਦ ਦਾ ਨਾਮ ਦੱਸਿਆ। ਇਸਰਾਰ ਅਹਿਮਦ ਹੀ ਪੰਜਾਬ ਵਿਚ ਹਥਿਆਰਾਂ ਦੀ ਸਪਲਾਈ ਕਰ ਰਿਹਾ ਸੀ।
ਪੁਲਿਸ ਨੇ ਉਸ ਦੇ ਵਿਰੁਧ ਕੇਸ ਦਰਜ ਕਰ ਲਿਆ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਇਸਰਾਰ ਅਹਿਮਦ ਹਥਿਆਰਾਂ ਦੀ ਇਕ ਖੇਪ ਦੇਣ ਲਈ ਪਤਾਰਾ ਥਾਣੇ ਦੇ ਪਿੰਡ ਕੰਗਨੀਵਾਲ ਖੇਤਰ ਵਿਚ ਆ ਰਿਹਾ ਹੈ। ਐਸਐਸਪੀ ਮਾਹਲ ਦੇ ਮੁਤਾਬਕ, ਤੁਰਤ ਇਕ ਪੁਲਿਸ ਟੀਮ ਦਾ ਗਠਨ ਕੀਤਾ ਗਿਆ। ਪੁਲਿਸ ਨੇ ਕੰਗਨੀਵਾਲ ਪੁਲੀ ਉਤੇ ਨਾਕਾਬੰਦੀ ਕਰ ਦਿਤੀ। ਇਸ ਦੌਰਾਨ ਹੱਥ ਵਿਚ ਬੋਰਾ ਲੈ ਕੇ ਆ ਰਹੇ ਇਕ ਸ਼ੱਕੀ ਨੂੰ ਪੁਲਿਸ ਨੇ ਜਾਂਚ ਲਈ ਰੋਕਿਆ।
ਪੁੱਛਗਿਛ ਵਿਚ ਉਕਤ ਵਿਅਕਤੀ ਨੇ ਅਪਣਾ ਨਾਮ ਇਸਰਾਰ ਅਹਿਮਦ, ਪੁੱਤਰ ਨੋਸੇਅਲੀ, ਨਿਵਾਸੀ ਉਮਰੀ, ਥਾਨਾ ਕੋਤਵਾਲੀ ਦੇਹਾਤ, ਜ਼ਿਲ੍ਹਾ ਬਿਜਨੌਰ, ਉੱਤਰ ਪ੍ਰਦੇਸ਼ ਦੱਸਿਆ। ਤਲਾਸ਼ੀ ਲੈਣ ‘ਤੇ ਬੋਰੇ ਵਿਚੋਂ 2 ਪਿਸਟਲ (12 ਬੋਰ), 2 ਗਨ (315 ਬੋਰ) ਅਤੇ 8 ਕਾਰਤੂਸ ਬਰਾਮਦ ਹੋਏ। ਇਸਰਾਰ ਪਹਿਲਾਂ ਵੀ ਜਲੰਧਰ ਵਿਚ 9 ਪਿਸਟਲ ਦੀ ਖੇਪ ਪਹੁੰਚਾ ਚੁੱਕਾ ਹੈ। ਬੁੱਧਵਾਰ ਨੂੰ ਵੀ ਉਹ ਹਥਿਆਰਾਂ ਦੀ ਖੇਪ ਦੇਣ ਲਈ ਆਇਆ ਸੀ।
ਪੁਲਿਸ ਦੇ ਮੁਤਾਬਕ ਦੋਸ਼ੀ ਯੂਪੀ ਤੋਂ ਸਸਤੇ ਹਥਿਆਰ ਖ਼ਰੀਦ ਕੇ ਪੰਜਾਬ ਵਿਚ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ।