ਕਰਤਾਰਪੁਰ ਸਾਹਿਬ ਦੇ ਬਿਆਨ 'ਤੇ DGP ਦਾ ਸਪਸ਼ਟੀਕਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਵੀਟ ਕਰ ਕੇ ਕਿਹਾ, ਹਰ ਰਾਜ ਵਾਸੀ ਦੀ ਖ਼ੁਸ਼ਹਾਲੀ ਤੇ ਸੁਰੱਖਿਆ ਚਾਹੁੰਦਾ ਹਾਂ

Photo

ਚੰਡੀਗੜ੍ਹ : ਸ਼੍ਰੀ ਕਰਤਾਰਪੁਰ ਸਾਹਿਬ  ਜਾਣ ਵਾਲੇ ਸ਼ਰਧਾਲੂਆਂ ਪ੍ਰਤੀ ਦਿਤੇ ਵਿਵਾਦਤ  ਵਿਚਾਰਾਂ ਦੇ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਅੱਜ ਪੰਜਾਬ ਦੇ ਪੁਲਿਸ ਮੁਖੀ ਡੀ ਜੀ ਪੀ ਦਿਨਕਰ ਗੁਪਤਾ ਨੇ ਆਖ਼ਰ ਅਫ਼ਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਭਾਵੇਂ ਮੇਰਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਫਿਰ ਵੀ ਅਪਣੇ ਕਹੇ ਸ਼ਬਦਾਂ 'ਤੇ ਅਫ਼ਸੋਸ ਪ੍ਰਗਟ  ਕਰਦਾ ਹਾਂ।

ਉਨ੍ਹਾਂ ਕਿਹਾ,''ਮੈਂ ਰਾਜ ਦੇ ਹਰ ਨਾਗਰਿਕ ਦੀ ਖ਼ੁਸ਼ਹਾਲੀ ਤੇ ਸੁਰੱਖਿਆ ਚਾਹੁੰਦਾ ਹਾਂ। ਮੈਂ ਮਿਹਨਤ ਤੇ ਸੰਜੀਦਗੀ ਨਾਲ ਰਾਜ ਲਈ ਅਪਣੀ ਡਿਊਟੀ ਕੀਤੀ ਹੈ। ਮੈਂ ਫ਼ਰਵਰੀ 2019 ਵਿਚ ਡੀ.ਜੀ.ਪੀ ਵਜੋਂ ਅਪਣਾ ਕੰਮ ਵੀ ਦਰਬਾਰ ਸਾਹਿਬ ਅਰਦਾਸ ਕਰ ਕੇ ਉਥੋਂ ਆਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਸੀ।''

ਜ਼ਿਕਰਯੋਗ ਹੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਦਿਨਕਰ ਗੁਪਤਾ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ 24 ਫ਼ਰਵਰੀ ਨੂੰ ਵਿਧਾਨ ਸਭਾ ਦੀ ਕਾਰਵਾਈ ਠੱਪ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਖ਼ਲ ਤੋਂ ਬਾਅਦ ਮਾਮਲੇ ਨੂੰ ਸ਼ਾਂਤ ਕਰਨ ਲਈ ਗੁਪਤਾ ਨੇ ਟਵੀਟ ਕਰ ਕੇ ਅਫ਼ਸੋਸ ਜ਼ਾਹਰ ਕੀਤਾ ਹੈ ਜਦਕਿ ਕਲ ਉਨ੍ਹਾਂ ਅਪਣੇ ਸਪਸ਼ਟੀਕਰਨ ਵਿਚ ਕਿਸੇ ਤਰ੍ਹਾਂ ਦਾ ਅਫ਼ਸੋਸ ਜ਼ਾਹਰ ਨਹੀਂ ਸੀ ਕੀਤਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਡੀਜੀਪੀ  ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ।  ਦਰਅਸਲ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਪਾਕਿਸਤਾਨ ਦੇ ਇਰਾਦੇ ‘ਤੇ ਸਵਾਲ ਚੁੱਕੇ ਸੀ। ਦਿਨਕਰ ਗੁਪਤਾ ਨੇ ਕਿਹਾ ਸੀ ਕਿ, ‘ਵੀਜ਼ਾ ਮੁਕਤ ਰਾਹ ਅਤਿਵਾਦ ਨੂੰ ਭਾਰਤ ਲਿਆਉਂਦਾ ਹੈ’।

ਉਹਨਾਂ ਦਾਅਵਾ ਕੀਤਾ ਸੀ ਕਿ, "ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇਗਾ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ 'ਤੇ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"

ਹਾਲਾਂਂਕਿ ਇਸ ਬਿਆਨ ਤੋਂ ਬਾਅਦ ਉਹਨਾਂ ਨੇ ਅਪਣੀ ਸਫਾਈ ਵੀ ਦਿੱਤੀ ਹੈ। ਜਾਰੀ ਬਿਆਨ 'ਚ ਉਨ੍ਹਾਂ ਕਿਹਾ ਕਿ ਮੈਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ 'ਤੇ ਬਹੁਤ ਖੁਸ਼ ਹੋਇਆ ਜਿਸ ਨੇ ਮੇਰੇ ਵਰਗੇ ਉਨ੍ਹਾਂ ਲੱਖਾਂ ਸ਼ਰਧਾਲੂਆਂ ਦੀਆਂ ਦਹਾਕਿਆਂ ਪੁਰਾਣੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ“ਸੂਬੇ ਦਾ ਡੀ.ਜੀ.ਪੀ ਹੋਣ ਦੇ ਨਾਤੇ, ਮੈਂ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਨਿਰਵਿਘਨ ਪਹੁੰਚ ਦੀ ਸਹੂਲਤ ਸਬੰਧੀ ਕੰਮ ਕਰਨਾ ਜਾਰੀ ਰੱਖਾਂਗੇ।