‘ਸਵੇਰੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂ ਸ਼ਾਮ ਨੂੰ ਅਤਿਵਾਦੀ ਬਣ ਕੇ ਵਾਪਸ ਆਉਣਗੇ’
ਅਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਡੀਜੀਪੀ ਦਿਨਕਰ ਗੁਪਤਾ
ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਪਣੇ ਇਕ ਬਿਆਨ ਕਾਰਨ ਵਿਵਾਦਾਂ ਵਿਚ ਘਰ ਗਏ ਹਨ। ਇਹ ਬਿਆਨ ਡੀਜੀਪੀ ਵੱਲੋਂ ਇਕ ਇੰਟਰਵਿਊ ਦੌਰਾਨ ਦਿੱਤਾ ਗਿਆ। ਦਰਅਸਲ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਪਾਕਿਸਤਾਨ ਦੇ ਇਰਾਦੇ ‘ਤੇ ਸਵਾਲ ਚੁੱਕੇ ਹਨ।
ਇਕ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਡੀਜੀਪੀ ਗੁਪਤਾ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਰਾਹ ਅਤਿਵਾਦ ਦੇ ਨਜ਼ਰੀਏ ਤੋਂ ਵੱਡੀ ਸੁਰੱਖਿਆ ਚੁਣੌਤੀ ਹੈ। ਦਿਨਕਰ ਗੁਪਤਾ ਨੇ ਕਿਹਾ ਕਿ, ‘ਵੀਜ਼ਾ ਮੁਕਤ ਰਾਹ ਅਤਿਵਾਦ ਨੂੰ ਭਾਰਤ ਲਿਆਉਂਦਾ ਹੈ’।
ਉਹਨਾਂ ਦਾਅਵਾ ਕੀਤਾ ਕਿ, "ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇਗਾ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ 'ਤੇ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"
ਡੀਜੀਪੀ ਦਿਨਕਰ ਗੁਪਤਾ ਦੇ ਇਸ ਬਿਆਨ ਨੂੰ ਮੰਦਭਾਗਾ ਕਿਹਾ ਜਾ ਰਿਹਾ ਹੈ। ਡੀਜੀਪੀ ਦੇ ਇਸ ਬਿਆਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਸਖ਼ਤ ਨਿਖੇਧ ਕੀਤੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਪੰਜਾਬ ਦੀ ਸਿੱਖ ਕੌਮ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਦੀ ਮਾਨਸਿਕਤਾ ਦੀ ਵੀ ਨਿੰਦਾ ਕੀਤੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਦਾ ਇਹ ਬਿਆਨ ਕਾਂਗਰਸ ਦੀ ਸਿੱਖ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਤੋਂ ਹੀ ਸਿੱਖਾਂ ਦੀ ਦੇਸ਼ ਭਗਤੀ ‘ਤੇ ਸ਼ੱਕ ਕਰਦੀ ਆ ਰਹੀ ਹੈ ਤੇ ਇਸ ਦੇ ਨਾਲ ਹੀ ਕਾਂਗਰਸ ਵੱਲੋਂ ਸ਼ੁਰੂ ਤੋਂ ਹੀ ਸਿੱਖਾਂ ਦੀ ਦਸਤਾਰ ‘ਤੇ ਦਾਗ ਲਗਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।ਉਹਨਾਂ ਕਿਹਾ ਕਿ ਉਹਨਾਂ ਨੇ ਅਤੇ ਹੋਰ ਕਈ ਸਿੱਖਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ, ਉਹ ਤਾਂ ਅਤਿਵਾਦੀ ਬਣ ਕੇ ਨਹੀਂ ਆਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।