ਨਾਮਦਾਰ ਬੰਦਿਆਂ ਨੂੰ ਟਿਕਟਾਂ ਦੇਣ ਤੋਂ ਬਾਅਦ ਭਾਜਪਾ ਆਗੂਆਂ 'ਚ ਨਿਰਾਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਵਿਤਾ ਖੰਨਾ ਲੜਨਗੇ ਆਜ਼ਾਦ ਚੋਣ ਤੇ ਵਿਜੇ ਸਾਂਪਲਾ ਚੁੱਪ

Kavita Khanna & Vijay Sampla

ਚੰਡੀਗੜ੍ਹ : ਬੀਤੇ ਕਲ ਭਾਜਪਾ ਨੇ ਪੰਜਾਬ ਦੀਆਂ ਬਾਕੀ ਰਹਿੰਦੀਆਂ 2 ਸੀਟਾਂ 'ਤੇ ਉਮੀਦਵਾਰ ਐਲਾਨ ਦਿਤੇ ਪਰ ਇਸ ਐਲਾਨ ਦੇ ਨਾਲ ਹੀ ਪਾਰਟੀ ਨੇ ਆਪਣੇ ਆਗੂਆਂ ਦੀ ਨਾਰਾਜ਼ਗੀ ਵੀ ਸਹੇੜ ਲਈ ਹੈ। ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪਾਰਟੀ ਹਾਈ ਕਮਾਨ ਨੇ ਗੁਰਦਾਸਪੁਰ ਤੋਂ ਨਾਮਦਾਰ ਸੰਨੀ ਦਿਉਲ ਨੂੰ ਟਿਕਟ ਦੇ ਦਿਤੀ ਜਿਸ ਕਾਰਨ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨਾਰਾਜ਼ ਹੋ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਟਿਕਟ ਦਿਤੀ ਗਈ ਹੈ ਇਸ 'ਤੇ ਵਿਜੇ ਸਾਂਪਲਾ ਖ਼ਫ਼ਾ ਹੋ ਗਏ ਹਨ।

ਪਾਰਟੀ ਦੇ ਇਸ ਫ਼ੈਸਲੇ ਤੋਂ ਬਾਅਦ ਕਵਿਤਾ ਖੰਨਾ ਤਾਂ ਇੰਨੇ ਗੁੱਸੇ 'ਚ ਹਨ ਕਿ ਉਨ੍ਹਾਂ ਨੇ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਮਨ ਬਣਾ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਤਾਂ ਇਹ ਵੀ ਖ਼ਬਰ ਹੈ ਕਿ ਕਵਿਤਾ ਖੰਨਾ ਗੁਰਦਾਸਪੁਰ ਤੋਂ ਆਜ਼ਾਦ ਚੋਣ ਲੜ ਸਕਦੇ। ਇਸ ਦੇ ਲਈ ਕਵਿਤਾ ਖੰਨਾ ਸੋਮਵਾਰ ਨੂੰ ਨਾਮਜ਼ਦਗੀ ਭਰ ਸਕਦੇ ਹਨ। ਦੂਜੇ ਪਾਸੇ ਵਿਜੇ ਸਾਂਪਲਾ ਅੰਦਰੋ-ਅੰਦਰੀ ਨਾਰਾਜ਼ ਹਨ। ਉਨ੍ਹਾਂ ਅਪਣੇ ਫ਼ੇਸਬੁੱਕ ਤੇ ਟਵਿੱਟਰ ਤੋਂ ਮੋਦੀ ਵਲੋਂ ਬਖ਼ਸ਼ਿਆ ਸ਼ਬਦ 'ਚੌਕੀਦਾਰ' ਵੀ ਹਟਾ ਦਿਤਾ ਹੈ।

ਸਾਂਪਲਾ ਨੇ ਪਾਰਟੀ ਨੂੰ ਪੁਛਿਆ ਹੈ ਕਿ ਉਨ੍ਹਾਂ ਦੀ ਟਿਕਟ ਕਿਸ ਕਾਰਨ ਤੋਂ ਕੱਟੀ ਗਈ ਜਦਕਿ ਉਨ੍ਹਾਂ ਉਪਰ ਕਿਸੇ ਪ੍ਰਕਾਰ ਦੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਹੈ ਤੇ ਨਾ ਹੀ ਪਾਰਟੀ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ। ਸਾਂਪਲਾ ਨੇ ਅਪਣਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਹੁਸ਼ਿਆਰਪੁਰ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਅਪਣੀ ਟਿਕਟ ਕੱਟਣ ਨੂੰ 'ਗਊ ਕਤਲ' ਕਰਨ ਸਮਾਨ ਦਸਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਟਿਕਟ ਦੀ ਝਾਕ 'ਚ ਬੈਠੇ ਭਾਜਪਾ ਦੇ ਪ੍ਰਬਲ ਦਾਅਵੇਦਾਰ ਰਾਜਿੰਦਰ ਮੋਹਨ ਸਿੰਘ ਛੀਨਾ ਵੀ ਦਸਿਆ ਜਾ ਰਿਹਾ ਹੈ ਕਿ ਪੂਰੀ ਤਰ੍ਹਾਂ ਖ਼ੁਸ਼ ਨਹੀਂ ਹਨ।

ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ। ਭਾਵੇਂ ਉਹ ਇਸ ਬਾਰੇ ਅਜੇ ਤਕ ਖੁਲ੍ਹ ਕੇ ਤਾਂ ਕੁੱਝ ਨਹੀਂ ਬੋਲੇ ਪਰ ਸੂਤਰ ਦਸਦੇ ਹਨ ਕਿ ਛੀਨਾ ਵੀ ਅੰਦਰੋ-ਅੰਦਰੀ ਨਾਰਾਜ਼ ਹਨ। ਪਾਰਟੀ ਹਾਈਕਮਾਨ ਇਨ੍ਹਾਂ ਨਾਰਾਜ਼ ਆਗੂਆਂ ਨੂੰ ਕਿਵੇਂ ਨਾਲ ਤੋਰਦੀ ਹੈ ਤੇ ਕਿਵੇਂ ਅਪਣੇ ਪੱਖ 'ਚ ਨਤੀਜੇ ਲਿਆਉਂਦੀ ਹੈ, ਇਹ ਤਾਂ ਅਜੇ ਭਵਿੱਖ ਦੇ ਗਰਭ 'ਚ ਹੈ ਪਰ ਫਿਲਹਾਲ ਭਾਜਪਾ ਅੰਦਰ 'ਸੱਭ ਕੁਛ ਅੱਛਾ ਨਹੀਂ' ਹੈ।
ਤਸਵੀਰਾਂ - ਕਵਿਤਾ ਖੰਨਾ, ਵਿਜੇ ਸਾਂਪਲਾ ਤੇ ਰਜਿੰਦਰ ਮੋਹਨ ਛੀਨਾ