ਕਹਿਰ ਦੀ ਗਰਮੀ ਦੇ ਬਾਵਜੂਦ ਪ੍ਰਚਾਰ 'ਚ ਲੱਗੀਆਂ ਤਿੰਨੇ ਧਿਰਾਂ
ਸੱਤਾਧਾਰੀ ਕਾਂਗਰਸ ਅਤੇ ਸੱਤਾ ਤੋਂ 14 ਮਹੀਨੇ ਪਹਿਲਾਂ ਲਾਂਭੇ ਹੋਈ ਅਕਾਲੀ ਦਲ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਮੁੱਛ ਦਾ ਸਵਾਲ ਬਣੀ ਜਲੰਧਰ ...
ਚੰਡੀਗੜ੍ਹ, ਸੱਤਾਧਾਰੀ ਕਾਂਗਰਸ ਅਤੇ ਸੱਤਾ ਤੋਂ 14 ਮਹੀਨੇ ਪਹਿਲਾਂ ਲਾਂਭੇ ਹੋਈ ਅਕਾਲੀ ਦਲ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਮੁੱਛ ਦਾ ਸਵਾਲ ਬਣੀ ਜਲੰਧਰ ਜ਼ਿਲ੍ਹੇ ਦੀ ਸ਼ਾਹਕੋਟ ਸੀਟ ਦੀ ਜ਼ਿਮਨੀ ਚੋਣ ਦਾ ਭਖਵਾਂ ਪ੍ਰਚਾਰ, ਮਈ ਮਹੀਨੇ ਦੀ ਕਹਿਰ ਦੀ ਗਰਮੀ ਵਿਚ ਪੂਰੇ ਜੋਬਨ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਇਸ ਕਰ ਕੇ ਸ਼ਾਹਕੋਟ ਹਲਕੇ ਨੂੰ ਮੁੜ ਕਬਜ਼ੇ ਵਿਚ ਲੈਣਾ ਚਾਹੁੰਦਾ ਹੈ
ਕਿਉਂਕਿ ਲਗਾਤਾਰ ਪੰਜ ਵਾਰ ਜਿੱਤਣ ਵਾਲੇ ਅਕਾਲੀ ਲੀਡਰ ਅਜੀਤ ਸਿੰਘ ਕੋਹਾੜ ਦੇ ਬੇਟੇ ਨਾਇਬ ਸਿੰਘ ਕੋਹਾੜ ਉਮੀਦਵਾਰ ਬਣਾਏ ਗਏ ਹਨ ਜਦਕਿ 2017 ਵਿਚ ਵਿਧਾਨ ਸਭਾ ਚੋਣ ਹਾਰੇ ਹਰਦੇਵ ਸਿੰਘ ਲਾਡੀ ਹੁਣ ਫਿਰ ਉਮੀਦਵਾਰ ਬਣੇ ਹਨ ਅਤੇ ਉਸ ਨੂੰ ਮੁੱਖ ਮੰਤਰੀ ਦੇ ਨੇੜੇ ਸਮਝੇ ਜਾਂਦੇ ਰਾਣਾ ਗੁਰਜੀਤ ਸਿੰਘ ਦੀ ਸਰਪ੍ਰਸਤੀ ਅਤੇ ਮਦਦ ਪ੍ਰਾਪਤ ਹੈ।
ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਤ੍ਰਿਪਤ ਬਾਜਵਾ, ਸਾਧੂ ਸਿੰਘ ਧਰਮਸੋਤ, ਨਵਜੋਤ ਸਿੱਧੂ, ਸੁੰਦਰ ਸ਼ਾਮ ਅਰੋੜਾ ਅਤੇ ਹੋਰ ਲੀਡਰ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਕਈ ਵਿਧਾਇਕ ਚੋਣ ਪ੍ਰਚਾਰ ਲਈ ਪਿੰਡਾਂ ਦਾ ਗੇੜਾ ਮਾਰ ਆਏ ਹਨ। ਅਕਾਲੀ ਦਲ ਵਲੋਂ ਸੁਖਬੀਰ ਬਾਦਲ, ਡਾ. ਦਲਜੀਤ ਚੀਮਾ, ਸਿਕੰਦਰ ਮੂਲਕਾ, ਸ਼ੁਰਨਜੀਤ ਢਿੱਲੋਂ, ਪਵਨ ਟੀਨੂੰ ਅਤੇ ਹੋਰਨਾਂ ਨੇ ਵੀ ਪਿੰਡਾਂ ਵਿਚ ਡੇਰੇ ਲਾਏ ਹੋਏ ਹਨ।
ਉਨ੍ਹਾਂ ਨੇ ਤਾਂ ਹਰਦੇਵ ਲਾਡੀ ਨੂੰ ਰੇਤਾ ਬਜਰੀ ਖੱਡਾਂ ਵਿਚ ਦਾਗੀ ਇਸ ਉਮੀਦਵਾਰ 'ਤੇ ਨਿਸ਼ਾਨਾ ਸਾਧਿਆ ਹੋਇਆ ਹੈ। ਉਤੋਂ ਕਾਂਗਰਸ ਸਰਕਾਰ 'ਤੇ ਇਹ ਦੋਸ਼ ਹੈ ਕਿ ਇਸ ਨੇ 11ਵੀਂ ਅਤੇ 12ਵੀਂ ਜਮਾਤਾਂ ਦੇ ਕੋਰਸ ਤੇ ਸਿਲੇਬਸ 'ਚੋਂ ਸਿੱਖ ਗੁਰੂਆਂ ਦਾ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਤੇ ਬੰਦਾ ਬਹਾਦਰ ਸਬੰਧੀ ਚੈਪਟਰਾਂ ਦੀ ਕਟੌਤੀ ਕਰ ਦਿਤੀ ਹੈ।
ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਚਾਰ ਵੱਡੇ ਸਿਆਸੀ ਨੇਤਾ, ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ, ਐਚਐਸ ਵਾਲੀਆ, ਸਾਬਕਾ ਵਿਧਾਇਕ ਕਰਨਲ ਸੀਡੀ ਸਿੰਘ ਕੰਬੋਜ ਅਤੇ ਹੰਸ ਰਾਜ ਰਾਣਾ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾ ਕੇ ਸੱਤਾਧਾਰੀ ਕਾਂਗਰਸ ਨੂੰ ਹਲੂਣਾ ਦੇ ਦਿਤਾ ਹੈ। ਉਂਜ ਤਾਂ ਤੀਜੀ ਧਿਰ ਆਮ ਆਦਮੀ ਪਾਰਟੀ ਦੇ ਲੀਡਰ ਸ. ਰਤਨ ਸਿੰਘ ਵੀ, ਦੁਬਈ ਤੋਂ ਆ ਕੇ ਉਮੀਦਵਾਰ ਬਣੇ ਹਨ ਪਰ ਲਗਦਾ ਹੈ
ਕਿ ਕਾਂਗਰਸ ਤੇ ਅਕਾਲੀ ਦਲ ਦੋਹਾਂ ਵਿਚ ਸਿੱਧੀ ਟੱਕਰ ਹੋਵੇਗੀ। ਸ਼ਾਹਕੋਟ ਤੋਂ 2017 ਵਿਚ ਵਿਧਾਨ ਸਭਾ ਚੋਣ ਦੇ ਉਮੀਦਵਾਰ ਡਾ. ਅਮਰਜੀਤ ਥਿੰਦ ਜਿਸ ਨੇ ਅਜੀਤ ਸਿੰਘ ਕੋਹਾੜ ਦੇ 47000 ਵੋਟਾਂ ਦੇ ਮੁਕਾਬਲੇ 41000 ਵੋਟਾਂ ਪ੍ਰਾਪਤ ਕੀਤੀਆਂ ਸਨ, ਮਾਰਚ ਮਹੀਨੇ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਆ ਗਏ ਸਨ। ਡਾ. ਥਿੰਦ ਪੂਰੀ ਤਾਕਤ ਨਾਲ ਨਾਇਬ ਸਿੰਘ ਕੋਹਾੜ ਦੀ ਪਿੱਠ 'ਤੇ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੇ ਅੱਜ ਸ਼ਾਮ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਕੇਂਦਰੀ ਫ਼ੋਰਸ ਦੀਆਂ ਛੇ ਕੰਪਨੀਆਂ ਸ਼ਾਹਕੋਟ, ਲੋਹੀਆਂ, ਮਲਸੀਆਂ ਅਤੇ ਹੋਰ ਵੱਡੇ ਪਿੰਡਾਂ ਤੇ ਨਾਜ਼ੁਕ ਪੋਲਿੰਗ ਸਟੇਸ਼ਨਾਂ 'ਤੇ ਪੰਜਾਬ ਪੁਲਿਸ ਸਮੇਤ ਤੈਨਾਤ ਕੀਤੀਆਂ ਗਈਆਂ ਹਨ। ਇਕ ਜਨਰਲ ਆਬਜ਼ਰਵਰ ਇਕ ਖ਼ਰਚਾ ਆਬਜ਼ਰਵਰ, 227 ਛੋਟੇ ਆਬਜ਼ਰਵਰ, 236 ਪੋਲਿੰਗ ਸਟੇਸ਼ਨਾਂ ਲਈ 283 ਪ੍ਰੀਜ਼ਾਈਡਿੰਗ ਅਫ਼ਸਰ ਅਤੇ 1133 ਪੋਲਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਕੁਲ 1728 ਚੋਣ ਸਟਾਫ਼ ਦੇ ਕਰਮਚਾਰੀ ਅਤੇ ਅਧਿਕਾਰੀ ਲਾਏ ਹਨ ਤਾਕਿ ਵੋਟਾਂ ਆਜ਼ਾਦਾਨਾ ਤੇ ਬੇਖ਼ੌਫ਼ ਢੰਗ ਨਾਲ ਪੁਆਈਆਂ ਜਾ ਸਕਣ। ਡਾ. ਰਾਜੂ ਨੇ ਦਸਿਆ ਕਿ ਵੋਟਾਂ ਪਾਉਣ ਦਾ ਕੰਮ ਸੋਮਵਾਰ 28 ਮਈ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤਕ ਚਲੇਗਾ ਅਤੇ ਕੁਲ 1,72,000 ਤੋਂ ਵੱਧ ਵੋਟਾਂ ਵਾਲੇ, 244 ਪਿੰਡਾਂ ਦੇ ਇਸ ਹਲਕੇ ਦੀ ਚੋਣ ਸ਼ਾਂਤੀ ਨਾਲ ਸਿਰੇ ਚਾੜ੍ਹਨ ਲਈ ਚੋਣ ਕਮਿਸ਼ਨ ਪੂਰੀ ਵਾਹ ਲਾ ਰਿਹਾ ਹੈ। ਖੁਲ੍ਹਾ ਚੋਣ ਪ੍ਰਚਾਰ 26 ਮਈ ਸਨਿਚਰਵਾਰ ਸ਼ਾਮ ਪੰਜ ਵਜੇ ਤਕ ਰਹੇਗਾ, ਮਗਰੋਂ ਸਾਰੇ ਬਾਹਰਲੇ ਨੇਤਾ, ਵਿਅਕਤੀ, ਪਾਰਟੀ ਵਰਕਰ ਨੂੰ ਸ਼ਾਹਕੋਟ ਹਲਕੇ ਤੋਂ ਬਾਹਰ ਜਾਣ ਦੇ ਹੁਕਮ ਦਿਤੇ ਗਏ ਹਨ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 236 ਪੋਲਿੰਗ ਸਟੇਸ਼ਨਾਂ ਅਤੇ ਹੋਰ ਨਾਜ਼ੁਕ ਥਾਵਾਂ ਦੀ ਵੀਡੀਉਗ੍ਰਾਫ਼ੀ ਲਈ 186 ਵੀਡੀਉ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਕੈਮਰਿਆਂ ਰਾਹੀਂ ਸਾਰੀਆਂ ਗਤੀਵਿਧੀਆਂ ਦੀ ਰਿਕਾਰਡਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਤੋਂ ਬਾਹਰੋ, ਕੇਂਦਰੀ ਫ਼ੋਰਸ ਜਾਂ 60 ਮਾਈਕਰੋ ਆਬਜ਼ਰਵਰ ਜੋ ਕੇਂਦਰ ਸਰਕਾਰ ਦੇ ਹਨ ਜਾਂ ਫਿਰ ਲਾਈਵ ਵੀਡੀਉ ਕਾਸਟ ਵਾਲੇ ਥਾਂ-ਥਾਂ ਤੈਨਾਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ 31 ਮਈ ਨੂੰ ਹੋਵੇਗੀ।