ਖ਼ਰੀਦ ਏਜੰਸੀਆਂ ਦਾ ਕਮਾਲ : ਜਿੰਨੀ ਕਣਕ ਇਸ ਵਾਰ ਖ਼ਰੀਦੀ ਪਿਛਲੇ 20 ਸਾਲਾਂ 'ਚ ਕਦੇ ਨਹੀਂ ਖ਼ਰੀਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਏਜੰਸੀਆਂ ਵਲੋਂ ਖ਼ਰੀਦੀ ਕਣਕ 'ਚੋਂ 97 ਫ਼ੀ ਸਦੀ ਕਣਕ ਦੀ ਚੁਕਾਈ

Wheat arrival and procurement in the State over and above last two decades

ਚੰਡੀਗੜ੍ਹ : ਸੂਬੇ ਵਿਚ 1 ਅਪ੍ਰੈਲ, 2019 ਤੋਂ ਸ਼ੁਰੂ ਹੋਈ ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਭਰਪੂਰ ਆਮਦ ਹੋਈ ਹੈ। ਪੰਜਾਬ ਵਿਚ ਮੌਜੂਦਾ ਸੀਜ਼ਨ ਦੌਰਾਨ ਹੋਈ ਕਣਕ ਦੀ ਕੁੱਲ ਆਮਦ/ਖ਼ਰੀਦ ਪਿਛਲੇ 20 ਸਾਲਾਂ 'ਚ ਹੋਈ ਕਣਕ ਦੀ ਆਮਦ/ਖ਼ਰੀਦ ਤੋਂ ਵਧੇਰੇ ਹੈ। ਕਣਕ ਦੀ ਸਰਕਾਰੀ ਖ਼ਰੀਦ 25 ਮਈ, 2019 ਤਕ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦਿਤੀ।

ਸੂਬੇ ਖ਼ਰੀਦੀ ਹੋਈ ਕੁੱਲ 129.93  ਲੱਖ ਮੀਟਰਕ ਟਨ ਕਣਕ ਵਿਚੋਂ  128.38 ਲੱਖ ਮੀਟਰਕ ਟਨ ਸਰਕਾਰੀ ਏਜੰਸੀਆਂ ਵਲੋਂ ਜਦਕਿ 1.55 ਲੱਖ ਮੀਟ੍ਰਿਕ ਟਨ ਕਣਕ ਨਿੱਜੀ ਮਿੱਲ ਮਾਲਕਾਂ ਵਲੋਂ ਖ਼ਰੀਦੀ ਜਾ ਚੁੱਕੀ ਹੈ। ਸੂਬੇ ਦੀਆਂ ਖ਼ਰੀਦ ਏਜੰਸੀਆਂ ਵਲੋਂ 23 ਮਈ, 2019 ਤਕ 20013.81 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੰਡੀਆਂ ਵਿਚੋਂ ਖ਼ਰੀਦੀ ਕਣਕ ਦੀ ਚੁਕਾਈ ਪ੍ਰਕਿਰਿਆ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਸਰਕਾਰੀ ਏਜੰਸੀਆਂ ਵਲੋਂ ਖ਼ਰੀਦੀ ਕੁੱਲ ਕਣਕ ਵਿਚੋਂ 97 ਫ਼ੀ ਸਦੀ ਕਣਕ ਦੀ ਚੁਕਾਈ ਮੁਕੰਮਲ ਹੋ ਚੁੱਕੀ ਹੈ। ਸੂਬੇ ਦੇ ਖ਼ੁਰਾਕ ਵਿਭਾਗ ਵਲੋਂ ਕੁੱਲ 132 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਨਾਲ ਪੰਜਾਬ ਦੇ 8.23 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ।