ਦਖਣੀ ਮਾਲਵਾ 'ਚ ਅਕਾਲੀ ਦਲ ਅਪਣਾ ਅਧਾਰ ਵਧਾਉਣ 'ਚ ਸਫ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2017 ਦੀਆਂ 8 ਸੀਟਾਂ ਦੇ ਮੁਕਾਬਲੇ 2019 'ਚ 16 'ਤੇ ਲਈ ਲੀਡ

Shiromani Akali Dal

ਬਠਿੰਡਾ : ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀ ਸਿਆਸਤ 'ਚ ਹਾਸ਼ੀਏ 'ਤੇ ਪੁੱਜਿਆ ਅਕਾਲੀ ਦਲ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਸਿਆਸਤ 'ਚ ਅਹਿਮ ਸਥਾਨ ਰੱਖਣ ਵਾਲੇ ਦਖਣੀ ਮਾਲਵਾ 'ਚ ਅਪਣਾ ਗ੍ਰਾਫ਼ ਵਧਾਉਣ 'ਚ ਸਫ਼ਲ ਰਿਹਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਇਸ ਖੇਤਰ ਦੇ ਸੱਤ ਜ਼ਿਲ੍ਹਿਆਂ (ਬਠਿੰਡਾ, ਮਾਨਸਾ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਮੋਗਾ) ਵਿਚ ਸਿਰਫ਼ ਅੱਠ ਸੀਟਾਂ ਹਾਸਲ ਕਰਨ ਵਾਲੇ ਬਾਦਲ ਦਲ ਨੇ ਲੋਕ ਸਭਾ ਚੋਣਾਂ ਦੌਰਾਨ 16 ਸੀਟਾਂ 'ਤੇ ਬੜਤ ਹਾਸਲ ਕੀਤੀ ਹੈ।

ਦੂਜੇ ਕੈਪਟਨ ਵਜ਼ਾਰਤ 'ਚ ਸ਼ਾਮਲ ਤਿੰਨ ਕੈਬਨਿਟ ਮੰਤਰੀਆਂ ਸਹਿਤ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੇ ਹਲਕੇ ਵਿਚ ਵੀ ਕਾਂਗਰਸ ਹਾਰ ਗਈ ਹੈ। ਅਪਣੇ ਹਲਕਿਆਂ ਵਿਚੋਂ ਵੋਟਾਂ ਘਟਾਉਣ ਵਾਲੇ ਮੰਤਰੀਆਂ ਵਿਚ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਵਿਜੇਇੰਦਰ ਸਿੰਗਲਾ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਬਠਿੰਡਾ ਤੋਂ ਬਾਦਲਾਂ ਦੇ ਵਿਰੁਧ ਚੋਣ ਲੜਨ ਵਾਲੇ ਰਾਜਾ ਵੜਿੰਗ ਦੇ ਅਪਣੇ ਜੱਦੀ ਵਿਧਾਨ ਸਭਾ ਹਲਕੇ ਗਿੱਦੜਬਹਾ ਵਿਚ ਵੀ ਇਸ ਵਾਰ ਅਕਾਲੀ ਦਲ ਵੱਧ ਵੋਟਾਂ ਲੈਣ ਵਿਚ ਸਫ਼ਲ ਰਿਹਾ ਹੈ।

ਮਹੱਤਵਪੂਰਨ ਗੱਲ ਇਹ ਵੀ ਹੈ ਕਿ ਗਿੱਦੜਬਹਾ ਬੇਅਦਬੀ ਦੀਆਂ ਘਟਨਾਵਾਂ ਦਾ ਕੇਂਦਰ ਬਣੇ ਫ਼ਰੀਦਕੋਟ ਦੀ ਲੋਕ ਸਭਾ ਸੀਟ ਅਧੀਨ ਆਉਂਦੀਆਂ 9 ਵਿਧਾਨ ਸਭਾ ਸੀਟਾਂ ਵਿਚੋਂ ਇਕ ਹੈ। ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਇਸ ਲੋਕ ਸਭਾ ਹਲਕੇ ਦੀਆਂ ਅੱਠ ਸੀਟਾਂ 'ਤੇ ਅੱਗੇ ਰਹੇ ਹਨ ਪ੍ਰੰਤੂ ਇਕੱਲੇ ਗਿੱਦੜਬਹਾ ਸੀਟ ਤੋਂ ਪਿੱਛੇ ਰਹੇ ਹਨ। ਇਸ ਹਲਕੇ ਵਿਚ 2017 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਨੂੰ ਇਕ ਵੀ ਸੀਟ ਹਾਸਲ ਨਹੀਂ ਹੋਈ ਸੀ। ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਸਿਰਫ਼ ਲੰਬੀ ਅਤੇ ਸਰਦੂਲਗੜ੍ਹ ਸੀਟ 'ਤੇ ਹੀ ਸਬਰ ਕਰਨਾ ਪਿਆ ਸੀ ਜਦਕਿ ਕਾਂਗਰਸ ਨੂੰ ਵੀ ਦੋ ਬਠਿੰਡਾ ਸ਼ਹਿਰੀ ਅਤੇ ਭੁੱਚੋਂ ਮੰਡੀ ਪ੍ਰਾਪਤ ਹੋਈਆਂ ਸਨ।

ਬਾਕੀ ਪੰਜ ਸੀਟਾਂ ਆਪ ਦੇ ਖ਼ਾਤੇ ਵਿਚ ਚਲੀਆਂ ਗਈਆਂ ਸਨ ਪ੍ਰੰਤੂ ਹੁਣ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੀਆਂ ਉਕਤ ਦੋਹਾਂ ਸੀਟਾਂ ਸਹਿਤ ਕੁੱਲ ਪੰਜ ਵਿਧਾਨ ਸਭਾ ਹਲਕਿਆਂ ਵਿਚ ਲੀਡ ਹਾਸ਼ਲ ਕੀਤੀ ਹੈ। ਹਾਲਾਂਕਿ ਇਹ ਗੱਲ ਵਖਰੀ ਹੈ ਕਿ ਅਪਣੇ ਹਿੱਸੇ ਆਈ ਸਰਦੂਲਗੜ੍ਹ ਸੀਟ ਤੋਂ ਅਕਾਲੀ ਦਲ ਇਸ ਵਾਰ ਪਿੱਛੇ ਰਹਿ ਗਿਆ ਹੈ। ਉਧਰ ਜੇਕਰ ਗੱਲ ਫ਼ਿਰੋਜ਼ਪੁਰ ਦੀ ਕੀਤੀ ਜਾਵੇ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਲੋਕ ਸਭਾ ਹਲਕੇ ਅਧੀਨ ਆਉਂਦੀਆਂ 9 ਸੀਟਾਂ ਵਿਚੋਂ ਸਿਰਫ਼ ਦੋ ਸੀਟਾਂ ਜਲਾਲਾਬਾਦ ਅਤੇ ਮੁਕਤਸਰ ਤੋਂ ਹੀ ਅਕਾਲੀ ਦਲ ਨੂੰ ਜਿੱਤ ਪ੍ਰਾਪਤ ਹੋਈ ਸੀ।

ਇੱਥੇ ਇਕ ਸੀਟ ਭਾਜਪਾ ਅਤੇ ਬਾਕੀ 6 'ਤੇ ਕਾਂਗਰਸ ਨੇ ਸਫ਼ਲਤਾ ਦੇ ਝੰਡੇ ਗੱਡੇ ਸਨ ਪ੍ਰੰਤੂ ਹੁਣ ਹੋਈਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ 9 ਦੀਆਂ 9 ਸੀਟਾਂ 'ਤੇ ਹੀ ਲੀਡ ਲਈ ਹੈ। ਸੰਗਰੂਰ ਲੋਕ ਸਭਾ ਹਲਕੇ ਵਿਚ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਵੀ ਇਕ ਸੀਟ ਮਿਲੀ ਸੀ ਤੇ ਹੁਣ ਵੀ ਇਕ ਹੀ ਸੀਟ 'ਤੇ ਬੜਤ ਮਿਲੀ ਹੈ। ਜਦੋਂਕਿ ਪਟਿਆਲਾ ਸੀਟ 'ਤੇ 2017 ਵਿਚ ਅਕਾਲੀ ਦਲ ਦੇ ਦੋ ਵਿਧਾਇਕ ਜਿੱਤੇ ਸਨ ਪ੍ਰੰਤੂ ਹੁਣ ਸਿਰਫ਼ ਇਕ ਵਿਧਾਇਕ ਐਨ.ਕੇ.ਸ਼ਰਮਾ ਦੇ ਹਲਕੇ ਵਿਚ ਪਾਰਟੀ ਦੀ ਲੀਡ ਬਰਕਰਾਰ ਰਹਿ ਸਕੀ ਹੈ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਦੇ ਹਲਕੇ ਵਿਚ ਕਾਂਗਰਸ ਲੀਡ ਲੈ ਗਈ ਹੈ।