ਮੌਸਮ ਵਿਭਾਗ ਦੀ ਚੇਤਾਵਨੀ, ਬਚ ਕੇ ਰਹਿਣਾ, ਆਉਣ ਵਾਲੇ ਦਿਨਾਂ ’ਚ ਸਤਾਵੇਗੀ ਗਰਮੀ ਅਤੇ ਚਲੇਗੀ ਲੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੇ ਡਰ ਕਾਰਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਘਰਾਂ ਅੰਦਰ ਕੈਦ ਹੋਏ ਲੋਕਾਂ ਲਈ ਡਰਾਉਣੀ ਖ਼ਬਰ ਹੈ

File

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਡਰ ਕਾਰਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਘਰਾਂ ਅੰਦਰ ਕੈਦ ਹੋਏ ਲੋਕਾਂ ਲਈ ਡਰਾਉਣੀ ਖ਼ਬਰ ਇਹ ਹੈ ਕਿ ਪੰਜਾਬ ਅਤੇ ਹਰਿਆਣਾ ’ਚ ਅੱਜ ਤੋਂ ਲੈ ਕੇ 27 ਮਈ ਤਕ ਲੂ ਕਹਿਰ ਢਾਹ ਸਕਦੀ ਹੈ। ਇਸ ਤਰ੍ਹਾਂ ਦੀ ਸੰਭਾਵਨਾ ਮੌਸਮ ਵਿਭਾਗ ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ’ਚ ਪ੍ਰਗਟ ਕੀਤੀ ਗਈ ਹੈ।

ਮੌਸਮ ਮਾਹਰਾਂ ਨੇ ਦਸਿਆ ਹੈ ਕਿ ਆਉਣ ਵਾਲੇ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਪੰਜਾਬ ’ਚ 43 ਤੋਂ 46 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ ਜਦਕਿ ਉਤਰੀ ਹਰਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 42 ਤੋਂ 43 ਡਿਗਰੀ ਸੈਲਸੀਅਸ, ਸਾਊਥ ਹਰਿਆਣਾ ’ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 43 ਤੋਂ 45 ਡਿਗਰੀ ਸੈਲਸੀਅਸ ਤਕ ਰਹਿ ਸਕਦਾ ਹੈ।

ਇਸ ਦੇ ਨਾਲ ਜ਼ਬਰਦਸਤ ਲੂ ਦੇ ਕਹਿਰ ਦਾ ਦੋਹਾਂ ਸੂਬਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਅਰਥ ਇਹ ਹੋਇਆ ਕਿ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਗਰਮੀ ਕਾਰਨ ਘਰਾਂ ਦੇ ਅੰਦਰ ਕੈਦ ਹੋ ਕੇ ਰਹਿਣਾ ਪੈ ਸਕਦਾ ਹੈ। ਇਸ ਵੇਲੇ ਪੰਜਾਬੀਆਂ ਤੇ ਹਰਿਆਰਣਵੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਲੰਮੇ ਸਮੇਂ ਬਾਅਦ ਲੋਕਾਂ ਦੇ ਮਾੜੇ-ਮੋਟੇ ਕੰਮ ਤੁਰੇ ਸਨ ਪਰ ਕੋਰੋਨਾ ਤੋਂ ਬਾਅਦ ਗਰਮੀ ਆ ਧਮਕੀ ਹੈ।

ਮੌਸਮ ਵਿਭਾਗ ਦੇ ਇਸ ਬੁਲੇਟਿਨ ਵਿਚ ਇਹ ਵੀ ਜਾਣਕਾਰੀ ਦਿਤੀ ਗਈ ਕਿ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 41.9 ਡਿਗਰੀ ਸੈਲਸੀਅਸ, ਅੰਬਾਲਾ 42.8 ਡਿਗਰੀ ਸੈਲਸੀਅਸ, ਹਿਸਾਰ 44.9 ਡਿਗਰੀ ਸੈਲਸੀਅਸ, ਕਰਨਾਲ 42.4 ਡਿਗਰੀ ਸੈਲਸੀਅਸ, ਨਾਰੌਲ 45.4 ਡਿਗਰੀ ਸੈਲਸੀਅਸ, ਰੋਹਤਕ 43.4 ਡਿਗਰੀ ਸੈਲਸੀਅਸ, ਭਿਵਾਨੀ 41.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

 ਅੰਮ੍ਰਿਤਸਰ 43 ਡਿਗਰੀ ਸੈਲਸੀਅਸ, ਲੁਧਿਆਣਾ 43 ਡਿਗਰੀ, ਪਟਿਆਲਾ 42.6 ਡਿਗਰੀ, ਬਠਿੰਡਾ 43.6 ਡਿਗਰੀ, ਗੁਰਦਾਸਪੁਰ 41 ਡਿਗਰੀ, ਫ਼ਰੀਦਕੋਟ 43.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ 12 ਤੋਂ 24 ਘੰਟੇ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਉਤਰੀ ਖੇਤਰਾਂ ਦੇ ਕੁੱਝ ਹਿੱਸਿਆਂ ਵਿਚ ਮੀਂਹ ਵੀ ਪੈ ਸਕਦਾ ਹੈ। ਭਾਵੇਂ ਅੱਜ ਵੀ ਕਈ ਥਾਵਾਂ ’ਤੇ ਅਸਮਾਨ ’ਚ ਬੱਦਲ ਛਾਏ ਰਹੇ ਤੇ ਇਕ ਦੋ ਥਾਵਾਂ ਤੋਂ ਬੂੰਦਾ-ਬਾਂਦੀ ਹੋਣ ਦੀਆਂ ਖ਼ਬਰਾਂ ਵੀ ਹਨ ਪਰ ਇਹ ਗਰਮੀ ਕੰਟਰੋਲ ਲਈ ਕਾਫ਼ੀ ਨਹੀਂ ਇਸ ਲਈ ਬਚਾਅ ਹੀ ਚੰਗਾ ਹੈ ਤੇ ਜਿੰਨਾ ਹੋ ਸਕੇ, ਬਾਹਰ ਨਿਕਲਣ ਤੋਂ ਗੁਰੇਜ਼ ਹੀ ਕੀਤਾ ਜਾਵੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।