ਡੂੰਘੀ ਸਾਜਿਸ਼ ਤਹਿਤ ਬੇਅਦਬੀ ਮਾਮਲਿਆਂ ਦੇ ਸਬੂਤ ਮਿਟਾਉਣ ਲਈ ਹੋਈ ਬਿੱਟੂ ਦੀ ਹੱਤਿਆ : ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੌਣ ਤਾਕਤਾਂ ਸਬੂਤ ਖਤਮ ਕਰਨ ਲਈ ਹਨ ਤੱਤਪਰ ਮਾਮਲੇ ਦੀ ਹਾਈਕੋਰਟ ਦੇ ਸਿਟਿੰਗ ਜੱਜ ਕਰੇ ਸਮਾਂਬੱਧ ਜਾਂਚ

AAP demands time-bound prove into the ‘death of dera premi’ accused in the desecration incident

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ , ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਹਰਚੰਦ ਸਿੰਘ ਬਰਸਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਚੋਰੀ ਕਰਨ ਅਤੇ ਬੇਅਦਬੀ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੇ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ ਨਾਭਾ ਜੇਲ ਵਿੱਚ ਹੋਈ ਹੱਤਿਆ ਪਿੱਛੇ ਵੱਡੀ ਸਾਜਿਸ਼ ਦੱਸਿਆ ਹੈ ਅਤੇ ਇਸ ਵਾਰਦਾਤ ਦੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਆਪਸੀ ਸਦਭਾਵਨਾ ਅਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ‘ਆਪ‘ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ‘ਆਪ‘ ਆਗੂਆਂ ਨੇ ਕਿਹਾ ਕਿ ਨਾਭਾ ਦੀ ਸਭ ਤੋਂ ਸੁਰੱਖਿਅਤ ਕਹੀ ਜਾਂਦੀ ਜੇਲ ਅੰਦਰ ਬੰਦ ਬੇਅਦਬੀ ਮਾਮਲਿਆਂ ਨਾਲ ਸੰਬੰਧਿਤ ਅਹਿਮ ਦੋਸ਼ੀ ਦਾ ਕਤਲ ਹੋਣਾ ਸਾਧਾਰਨ ਮਾਮਲਾ ਨਹੀਂ ਹੈ ਇਹ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਸਬੂਤਾਂ ਨੂੰ ਖਤਮ ਕਰਨ ਦੀ ਕੜੀ ਦਾ ਹਿੱਸਾ ਹੈ। ਦੂਜੇ ਪਾਸੇ ਕਾਨੂੰਨ ਵਿਵਸਥਾ ਦੇ ਲਿਹਾਜ ਤੋਂ ਜੰਗਲ ਰਾਜ ਬਣੇ ਪੰਜਾਬ ਦੀ ਅਸਲੀਅਤ ਬਿਆਨ ਕਰਨ ਵਾਲੀ ਘਟਨਾ ਹੈ, ਕਿਉਂਕਿ ਜੇਲਾਂ ਨੂੰ ਸਭ ਤੋਂ ਸੁਰੱਖਿਅਤ ਜਗਾ ਮੰਨਿਆ ਜਾਂਦਾ ਹੈ।

‘ਆਪ‘ ਆਗੂਆਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨਾਲ ਕਰੋੜਾਂ ਲੋਕਾਂ ਦੀਆਂ ਧਾਰਮਿਕ ਸਮਾਜਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਸਮੁੱਚੀ ਸੰਗਤ ਜਲਦੀ ਇਨਸਾਫ ਅਤੇ ਸਾਰੇ ਛੋਟੇ ਵੱਡੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਰਕਾਰ ਵੱਲ ਦੇਖ ਰਹੀ ਹੈ ਪ੍ਰੰਤੂ ਪਹਿਲਾਂ ਅਕਾਲੀ ਭਾਜਪਾ ਸਰਕਾਰ ਅਤੇ ਫਿਰ ਢਾਈ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਵਾਅਦਿਆਂ ਦਾਅਵਿਆਂ ਮੁਤਾਬਿਕ ਨਾ ਤਾਂ ਅਜੇ ਤੱਕ ਮੁੱਖ ਸਾਜ਼ਿਸ਼ ਕਰਤਾਵਾਂ ਤੱਕ ਪਹੁੰਚ ਸਕੀ ਹੈ ਅਤੇ ਨਾ ਹੀ ਕੋਈ ਤੇਜੀ ਦਿਖਾ ਰਹੀ ਹੈ। ਕਮਿਸ਼ਨ ਤੋਂ ਬਾਅਦ ਕਮਿਸ਼ਨ ਅਤੇ ਜਾਂਚ ਦਰ ਜਾਂਚ ਦੀ ਆੜ ਵਿੱਚ ਵਕਤ ਟਪਾ ਰਹੀ ਹੈ।

ਨਤੀਜਾ ਅਹਿਮ ਸਬੂਤ ਮਿੱਟਦੇ ਜਾ ਰਹੇ ਹਨ । ਬਿੱਟੂ ਵਰਗੇ ਸਬੂਤਾਂ ਦਾ ਮਿੱਟਦਾ ਜਾਣਾ ਹੀ ਵੱਡੇ ਸੰਕੇ ਤੇ ਸਵਾਲ ਖੜਾ ਕਰਦਾ ਹੈ ਕੀ ਅਜਿਹਾ ਕੁਝ ਕਰਨ ਕਰਾਉਣ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ? ਇਸ ਲਈ ਆਮ ਆਦਮੀ ਪਾਰਟੀ ਇਸ ਸਮੁੱਚੇ ਘਟਨਾਕਰਮ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਸਮਾਂਬੱਧ ਜਾਂਚ ਦੀ ਮੰਗ ਕਰਦੀ ਹੈ, ਕਿਉਂਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲਿਆਂ ਵਿੱਚ ਬਾਦਲ ਪਰਿਵਾਰ ਸਮੇਤ ਵੱਡੇ ਵੱਡੇ ਪੁਲਿਸ ਅਫਸਰ ਅਤੇ ਉੱਚ ਸਿਆਸੀ ਰਸੂਖ ਰੱਖਣ ਵਾਲੇ ਤਾਕਤਵਰ ਲੋਕਾਂ ਦਾ ਨਾਮ ਵੱਜ ਰਿਹਾ ਹੈ।