ਬਕਾਇਆ ਵਜ਼ੀਫੇ: ਸੂਬਾ ਤੇ ਕੇਂਦਰ ਸਰਕਾਰ ਨੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਤਬਾਹ ਕੀਤਾ ਭਵਿੱਖ: ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪ ਵਿਧਾਇਕ ਬੋਲੇ, ਇਕ ਹਜ਼ਾਰ ਕਰੋੜ ਰੁਪਏ ਦੇ ਬਕਾਇਆ ਵਜ਼ੀਫੇ ਤੁਰਤ ਭੁਗਤਾਨ ਕਰੇ ਸਰਕਾਰ

Non-payment of scholarship dues: both state and union govts responsibly for ruining careers of millions of ‘dalit’ students - AAP

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੰਡਰ ਮੈਟਿ੍ਰਕ ਅਤੇ ਪੋਸਟ ਮੈਟਿ੍ਰਕ ਵਜ਼ੀਫਾ ਯੋਜਨਾ ਤਹਿਤ ਯੋਗ ਦਲਿਤ ਵਿਦਿਆਰਥੀਆਂ ਨੂੰ ਸਮੇਂ ਸਿਰ ਵਜੀਫਾ ਰਾਸ਼ੀ ਭੁਗਤਾਨ ਨਾ ਕਰਨ ਦੇ ਗੰਭੀਰ ਮੁੱਦੇ ਉਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ‘ਆਪ‘ ਮੁੱਖ ਦਫਤਰ ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ‘ ਦੀ ਸਟੇਟ ਕੋਰ ਕਮੇਟੀ ਦੇ ਚੇਅਰਮੈਨ ਪਿ੍ੰਸੀਪਲ ਬੁੱਧ ਰਾਮ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ,

ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਦੋਸ ਲਗਾਇਆ ਕਿ ਤਿੰਨ ਸਾਲਾਂ ਤੋਂ ਵੱਧ ਸਮੇਂ ਦੀ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਬਕਾਇਆ ਰਾਸ਼ੀ ਸਮੇਂ ਸਿਰ ਜਾਰੀ ਨਾ ਕਰਕੇ ਕਾਂਗਰਸ ਅਕਾਲੀ ਦਲ (ਬਾਦਲ) ਅਤੇ ਭਾਜਪਾ ਨੇ ਆਪਣੀ ਦਲਿਤ ਵਿਰੋਧੀ ਸੋਚ ਸਪੱਸ਼ਟ ਕਰ ਦਿਤੀ ਹੈ। ‘ਆਪ‘ ਵਿਧਾਇਕਾਂ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਨੂੰ ਸਮੇਂ ਸਿਰ ਵਜੀਫਾ ਨਾ ਦੇਣਾ ਇਕ ਸੋਚੀ ਸਮਝੀ ਦਲਿਤ ਵਿਰੋਧੀ ਸਾਜ਼ਿਸ਼ ਹੈ,

ਕਿਉਂਕਿ ਇਹ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਗ਼ਰੀਬ, ਦੱਬੇ ਕੁਚਲੇ ਅਤੇ ਦਲਿਤ ਸਮਾਜ ਦੇ ਹੋਣਹਾਰ ਬੱਚੇ ਉੱਚ ਸਿੱਖਿਆ ਹਾਸਲ ਕਰਕੇ ਅਪਣਾ ਭਵਿੱਖ ਬਿਹਤਰ ਬਣਾ ਸਕੇ। ‘ਆਪ‘ ਆਗੂਆਂ  ਨੇ ਕਿਹਾ ਕਿ ਸਰਕਾਰਾਂ ਦੀ ਇਸ ਨਾਲਾਇਕੀ ਕਾਰਨ ਪਿਛਲੇ ਪੰਜ ਸਾਲਾਂ ਵਿੱਚ ਲੱਖਾਂ ਦਲਿਤ ਵਿਦਿਆਰਥੀ ਦਾਖਲੇ ਲੈਣ ਤੋਂ ਵਾਂਝੇ ਰਹਿ ਗਏ। ‘ਆਪ‘ ਵਿਧਾਇਕ ਨੇ ਦੱਸਿਆ ਕਿ ਸਾਲ 2016-17 ਦਾ ਤਿੰਨ ਸੌ ਕਰੋੜ, 2017-18 ਦਾ 567.55 ਕਰੋੜ ਅਤੇ ਸਾਲ 2018-19 ਦਾ 376.40 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਫਸੀ ਹੋਈ ਹੈ।

ਜਿਸ ਤੋਂ ਸਾਬਿਤ ਹੁੰਦਾ ਹੈ ਕਿ ਗਰੀਬਾਂ ਅਤੇ ਦਲਿਤਾਂ ਪ੍ਰਤੀ ਕਾਂਗਰਸ, ਬਾਦਲ ਅਤੇ ਭਾਜਪਾ ਵਾਲੇ ਇੱਕੋ ਥਾਲੀ ਦੇ ਚੱਟੇ ਵੱਟੇ ਹਨ, ਕਿਉਂਕਿ ਪਿਛਲੀ ਬਾਦਲ ਸਰਕਾਰ ਵੀ ਵਜੀਫਾ ਸਕੀਮਾਂ ਦੀ ਰਾਸੀ ਦਲਿਤ ਵਿਦਿਆਰਥੀਆਂ ਨੂੰ ਦੇਣ ਦੀ ਥਾਂ ਏਧਰ ਉਧਰ ਖੁਰਦਬੁਰਦ ਕਰਦੀ ਰਹੀ ਸੀ ਅਤੇ ਕੈਪਟਨ ਸਰਕਾਰ ਵੀ ਉਸੇ ਦੇ ਕਦਮ ਚਿੰਨਾਂ ਉੱਤੇ ਚੱਲ ਰਹੀ ਹੈ। ‘ਆਪ‘ ਆਗੂਆਂ ਨੇ ਕਿਹਾ ਕਿ ਇਸ ਮੁੱਦੇ ਉੱਤੇ ਉਨਾਂ ਦੀ ਪਾਰਟੀ ਕੇਂਦਰ ਅਤੇ ਸੂਬਾ ਸਰਕਾਰ ਨੂੰ ਸੰਸਦ ਅਤੇ ਵਿਧਾਨ ਸਭਾ ਦੇ ਸਦਨ ਉੱਤੇ ਘੇਰੇਗੀ।