'ਅਗਨੀਪਥ' ਖਿਲਾਫ਼ ਕਿਸਾਨਾਂ ਨੇ ਖੋਲ੍ਹਿਆ ਮੋਰਚਾ: ਵੱਖ-ਵੱਖ ਜ਼ਿਲ੍ਹਿਆਂ ’ਚ DC ਦਫ਼ਤਰਾਂ ਦੇ ਬਾਹਰ ਦਿੱਤਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਫ਼ੌਜੀ ਨਹੀਂ ਸਗੋ ਰਾਜਸੀ ਘਰਾਣਿਆਂ ਲਈ ਨੌਜਵਾਨਾਂ ਨੂੰ ਤਿਆਰ ਕਰ ਰਹੀ ਹੈ।

Farmers Protest against agnipath scheme


ਚੰਡੀਗੜ੍ਹ: ਫ਼ੌਜ ਵਿਚ ਭਰਤੀ ਲਈ ਬਣਾਈ ਗਈ ਅਗਨੀਪਥ ਯੋਜਨਾ ਖ਼ਿਲਾਫ਼ ਨੌਜਵਾਨਾਂ ਤੋਂ ਕਿਸਾਨ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਸ ਸਕੀਮ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਦੇ ਡੀਸੀ ਦਫਤਰਾਂ ਵਿਚ ਰਾਸ਼ਟਰਪਤੀ ਦੇ ਨਾਮ ਮੰਗ ਦਿੱਤਾ ਜਾ ਰਿਹਾ ਹੈ। ਜਲੰਧਰ ਵਿਚ ਵੀ ਕਿਸਾਨਾਂ ਨੇ ਇਕੱਠੇ ਹੋ ਕੇ ਅਗਨੀਪਥ ਖ਼ਿਲਾਫ਼ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਿੱਥੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ। ਕਿਸਾਨਾਂ ਨੇ ਨਾਲ-ਨਾਲ ਇਸ ਪ੍ਰਦਰਸ਼ਨ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।

Farmers Protest against agnipath scheme

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨ ਦੇਣਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਸਭ ਕੁੱਝ ਅਡਾਨੀ-ਅੰਬਾਨੀ ਨੂੰ ਵੇਚ ਦਿੱਤਾ ਹੈ, ਉਸੇ ਤਰ੍ਹਾਂ ਉਹ ਫ਼ੌਜ ਨੂੰ ਵੀ ਠੇਕੇ ’ਤੇ ਦੇਣਾ ਚਾਹੁੰਦੇ ਹਨ। ਮਹਿਲਾ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਫੌਜ ਵਿਚ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਬੱਚਿਆਂ ਦਾ ਭਵਿੱਖ ਖ਼ਤਮ ਹੋ ਜਾਵੇਗਾ।

Farmers Protest against agnipath scheme

ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਸਰਹੱਦ ਦੀ ਰੱਖਿਆ ਕਰਨ ਵਾਲੀ ਫ਼ੌਜ ਦਾ ਨਿੱਜੀਕਰਨ ਕਰਕੇ ਸੁਰੱਖਿਆ ਦੇ ਨਾਲ-ਨਾਲ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਕਿਸਾਨ ਆਗੂਆਂ  ਇਕ ਮੰਗ ਪੱਤਰ ਡੀਸੀ ਜ਼ਰੀਏ ਕੇਂਦਰ ਸਰਕਾਰ ਅਤੇ ਰਾਸ਼ਟਰਪਤੀ ਨੂੰ ਭੇਜਿਆ ਹੈ, ਇਸ ਵਿਚ ਉਹਨਾਂ ਨੇ ਮੰਗ ਕੀਤੀ ਹੈ ਕਿ ਫੌਜ ਵਿਚ ਪੁਰਾਣੇ ਤਰੀਕੇ ਨਾਲ ਹੀ ਭਰਤੀ ਕੀਤੀ ਜਾਵੇ। ਅਗਨੀਪਥ ਯੋਜਨਾ ਨਾ ਜਵਾਨਾਂ ਨੂੰ ਅਤੇ ਨਾ ਹੀ ਕਿਸਾਨਾਂ ਨੂੰ ਮਨਜ਼ੂਰ ਹੈ। ਕਿਸਾਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਉਹ ਕਿਸਾਨ ਅੰਦੋਲਨ ਦੀ ਤਰਜ਼ ’ਤੇ ਨੌਜਵਾਨਾਂ ਦੇ ਹੱਕ ਵਿਚ ਸੜਕਾਂ ’ਤੇ ਆਉਣਗੇ।

Farmers Protest against agnipath scheme

ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਬੀਕੇਯੂ ਉਗਰਾਹਾਂ (ਭਾਰਤੀ ਕਿਸਾਨ ਯੂਨੀਅਨ) ਦੇ ਮੈਂਬਰਾਂ ਨੇ ਲੁਧਿਆਣਾ ਵਿਚ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਕਿਸਾਨ ਜਥੇਬੰਦੀ ਉਗਰਾਹਾਂ ਤੋਂ ਗੁਰਪ੍ਰੀਤ ਸਿੰਘ ਨੇ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਲੋਕ ਵਿਰੋਧ ਕਰਦੇ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਮਜਬੂਰ ਕਰ ਰਹੀ ਹੈ ਕਿ ਕਿਸਾਨ ਅੰਦੋਲਨ ਵਾਂਗ ਹੀ ਅਗਨੀਪੱਥ ਸਕੀਮ ਦੇ ਵਿਰੋਧ ਵਿਚ ਅੰਦੋਲਨ ਕੀਤਾ ਜਾਵੇ।

ਉਹਨਾਂ ਕਿਹਾ ਕਿ ਪੰਜਾਬ ਵਿਚ ਹਜ਼ਾਰਾਂ ਨੌਜਵਾਨ ਫੌਜ ਵਿਚ ਭਰਤੀ ਲਈ ਅਪਲਾਈ ਕਰਦੇ ਹਨ ਅਤੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਲਈ ਸੇਵਾ ਕਰਦੇ ਹਨ। ਜੇਕਰ ਨੌਜਵਾਨਾਂ ਨੂੰ ਫੌਜ ਵਿਚ 4 ਸਾਲ ਲਈ ਹੀ ਭਰਤੀ ਕਰਨਾ ਹੈ ਤਾਂ ਫੌਜ ਦੀ ਨੌਕਰੀ ਤੋਂ ਬਾਅਦ ਨੌਜਵਾਨ ਕੀ ਕੰਮ ਕਰਨਗੇ, ਸਰਕਾਰ ਨੂੰ ਇਹ ਵਿਵਸਥਾ ਪਹਿਲਾਂ ਹੀ ਲਿਆਉਣੀ ਚਾਹੀਦੀ ਸੀ। ਉਹਨਾਂ ਕਿਹਾ ਕਿ 4 ਸਾਲ ਦੀ ਨੌਕਰੀ ਤੋਂ ਬਾਅਦ ਸਰਕਾਰ ਪੈਨਸ਼ਨ ਸਕੀਮ ਨੂੰ ਖਤਮ ਕਰ ਰਹੀ ਹੈ। ਜੋ ਕਿ ਨੌਜਵਾਨਾਂ ਦੇ ਹੱਕਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਗਨੀਪੱਥ ਯੋਜਨਾ ਨਾਲ ਦੇਸ਼ ਵਿਚ ਬੇਰੁਜ਼ਗਾਰੀ ਵਧੇਗੀ। ਇਸ ਦੇ ਨਾਲ ਹੀ ਟਰੇਨਿੰਗ ਦੌਰਾਨ ਕਾਫੀ ਪੈਸਾ ਖਰਚ ਹੋਵੇਗਾ, ਜਿਸ ਤੋਂ ਬਾਅਦ 75 ਫੀਸਦੀ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ।

Farmers Protest against agnipath scheme

ਅੰਮ੍ਰਿਤਸਰ ਚ ਕਿਸਾਨਾਂ ਨੇ ਫੂਕਿਆ ਪੀਐਮ ਮੋਦੀ ਦਾ ਪੁਤਲਾ

ਅੰਮ੍ਰਿਤਸਰ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਗੋਲਡਨ ਗੇਟ ਕੋਲ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕੇਂਦਰ ਦੀ ਅਗਨੀਪਥ ਸਕੀਮ ਦਾ ਵਿਰੋਧ ਕੀਤਾ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫੂਕਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਫ਼ੌਜੀ ਨਹੀਂ ਸਗੋ ਰਾਜਸੀ ਘਰਾਣਿਆਂ ਲਈ ਨੌਜਵਾਨਾਂ ਨੂੰ ਤਿਆਰ ਕਰ ਰਹੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕਿਸੇ ਵੀ ਨੀਤੀ ਦਾ ਦੇਸ਼ ਨੂੰ ਫਾਇਦਾ ਨਹੀਂ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ 4 ਸਾਲ ਬਾਅਦ ਬੇਰੁਜ਼ਗਾਰ ਹੋਣ ਵਾਲੇ ਨੌਜਵਾਨਾਂ ਨੂੰ ਵੱਡੇ ਕਾਰਪੋਰੇਟ ਘਰਾਣੇ ਨੌਕਰੀ ਦੇਣ ਦੀ ਤਿਆਰੀ ਵਿਚ ਹਨ। ਇਹ ਯੋਜਨਾ ਕਾਰਪੋਰੇਟ ਘਰਾਣਿਆਂ ਲਈ ਹੈ। ਕਿਸਾਨਾਂ ਨੇ ਕਿਹਾ ਕਿ 4 ਸਾਲ ਵਿਚ ਕੋਈ ਵੀ ਨੌਜਵਾਨ ਫ਼ੌਜੀ ਨਹੀਂ ਬਣ ਸਕਦਾ।