ਕਾਂਗਰਸ, ਆਪ, ਅਕਾਲੀ-ਭਾਜਪਾ ਗਠਜੋੜ ਅਤੇ ਖਹਿਰਾ ਧੜੇ ਲਈ ਸੌਖਾ ਨਹੀਂ ਹੋਵੇਗਾ ਇਸ ਵਾਰ ਵਿਧਾਨ ਸਭਾ ਸੈਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਦਾ ਇਸ ਵਾਰ ਮਾਨਸੂਨ ਸੈਸ਼ਨ ਹੰਗਾਮਾ ਭਰਪੂਰ ਹੁੰਦਾ ਜਾਪਦਾ ਹੈ ਕਿਉਂਕਿ ਸੱਤਾਧਾਰੀ ਕਾਂਗਰਸ, ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ..............

Punjab Vidhan Sabha

ਲੁਧਿਆਣਾ: ਵਿਧਾਨ ਸਭਾ ਦਾ ਇਸ ਵਾਰ ਮਾਨਸੂਨ ਸੈਸ਼ਨ ਹੰਗਾਮਾ ਭਰਪੂਰ ਹੁੰਦਾ ਜਾਪਦਾ ਹੈ ਕਿਉਂਕਿ ਸੱਤਾਧਾਰੀ ਕਾਂਗਰਸ, ਮੁੱਖ ਵਿਰੋਧੀ ਧਿਰ ਆਮ ਆਦਮੀ  ਪਾਰਟੀ ਅਤੇ 10 ਸਾਲ ਸੱਤਾ ਵਿਚ ਰਹਿਣ ਵਾਲੀ ਅਕਾਲੀ-ਭਾਜਪਾ ਗਠਜੋੜ ਨੂੰ ਇਸ ਸੈਸ਼ਨ ਵਿਚ ਅਗਨੀ ਪ੍ਰੀਖਿਆ ਵਿਚੋਂ ਗੁਜ਼ਰਨਾ ਪਵੇਗਾ। ਸੱਤਾ ਧਿਰ ਜਸਟਿਸ ਰਣਜੀਤ ਸਿੰਘ ਵਲੋਂ ਤਿਆਰ ਕੀਤੀ ਬਰਗਾੜੀ ਕਾਂਡ ਦੀ ਰੀਪੋਰਟ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾਣਾ ਹੈ। ਭਾਵੇਂ ਕਾਂਗਰਸ ਕੋਲ ਦੋ ਤਿਹਾਈ ਬਹੁਮਤ ਹੋਣ ਕਾਰਨ ਇਸ ਰੀਪੋਰਟ ਨੂੰ ਪੇਸ਼ ਅਤੇ ਪਾਸ ਕਰਨਾ ਕਾਂਗਰਸ ਲਈ ਔਖਾ ਨਹੀਂ ਹੋਵੇਗਾ

ਪਰ ਇਸ ਰੀਪੋਰਟ ਵਿਚ ਗਵਾਹ ਹਿੰਮਤ ਸਿੰਘ ਦੇ ਮੁਕਰ ਜਾਣ ਕਰ ਕੇ ਅਕਾਲੀ ਦਲ ਨੂੰ ਵੀ ਕਾਂਗਰਸ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ। ਪਹਿਲਾਂ ਜਿਹੜਾ ਅਕਾਲੀ ਦਲ ਪੂਰੀ ਤਰਾਂ ਬੈਕਫੁੱਟ 'ਤੇ ਨਜ਼ਰ ਆ ਰਿਹਾ ਸੀ, ਉਸ ਨੂੰ ਵੀ ਹੁਣ ਤਾਕਤ ਮਿਲ ਗਈ ਹੈ। ਅਕਾਲੀ ਦਲ ਜਿਥੇ ਕਾਂਗਰਸ 'ਤੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਲਗਾ ਕੇ ਬਾਈਕਾਟ ਕਰ ਸਕਦਾ ਹੈ, ਉਥੇ ਹੀ ਪਾਕਿਸਤਾਨ ਫ਼ੌਜ ਦੇ ਮੁਖੀ ਬਾਜਵਾ ਨੂੰ ਕੈਬਟਿਨ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਈ ਜੱਫੀ ਨੇ ਅਕਾਲੀ ਦਲ ਨੂੰ ਵਿਧਾਨ ਸਭਾ ਵਿਚ ਬੋਲਣ ਜੋਗਾ ਕਰ ਦਿਤਾ ਹੈ। 

ਇਸ ਤੋਂ ਇਲਾਵਾ ਅਕਾਲੀ ਦਲ ਦੇ ਨਿਸ਼ਾਨੇ 'ਤੇ ਸਾਬਕਾ ਜਸਟਿਸ ਰਣਜੀਤ ਸਿੰਘ ਦੇ ਨਾਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਰਹਿਣਗੇ ਕਿਉਂਕਿ ਬਰਗਾੜੀ ਕਾਂਡ ਦੇ ਗਵਾਹ ਹਿੰਮਤ ਸਿੰਘ ਨੇ ਮੀਡੀਆ ਵਿਚ ਸਾਫ਼ ਕਰ ਦਿਤਾ ਹੈ ਕਿ ਉਸ 'ਤੇ ਦਬਾਅ ਪਾ ਕੇ ਬਿਆਨ ਕਰਵਾਏ ਗਏ ਹਨ। ਭਾਵੇਂ ਜਸਟਿਸ ਰਣਜੀਤ ਸਿੰਘ ਅਤੇ ਮੰਤਰੀ ਰੰਧਾਵਾ ਇਸ ਨੂੰ ਨਕਾਰ ਚੁੱਕੇ ਹਨ ਪਰ ਫਿਰ ਵੀ ਇਸ 'ਤੇ ਵਿਧਾਨ ਸਭਾ ਵਿਚ ਹੰਗਾਮਾ ਹੋਣਾ ਲਗਭਗ ਤੈਅ ਹੈ।

ਇਸ ਤੋਂ ਇਲਾਵਾ ਆਪ ਵਿਚ ਪਾਟੋਧਾੜ ਆਮ ਆਮ ਆਦਮੀ ਪਾਰਟੀ ਵਲੋਂ ਥਾਪੇ ਨਵੇਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਲੋਂ ਵੀ ਅਪਣੇ ਤੇਜ਼ ਤਰਾਰ ਨੇਤਾ ਸੁਖਪਾਲ ਖਹਿਰਾ ਦੇ ਸਾਥ ਤੋਂ ਬਿਨਾਂ ਅਪਣੀ ਕਾਬਲੀਅਤ ਦਾ ਸਬੂਤ ਦੇਣਾ ਪਵੇਗਾ। ਇਹ ਹੁਣ ਸਮਾਂ ਹੀ ਦੱਸੇਗਾ ਕਿ ਹਰਪਾਲ ਚੀਮਾ ਬਰਗਾੜੀ ਕਾਂਡ ਦੇ ਮਾਮਲੇ ਵਿਚ ਅਕਾਲੀ ਦਲ ਨਾਲ ਖੜਦੇ ਸੱਤਾ ਧਿਰ ਕਾਂਗਰਸ ਨੂੰ ਘੇਰਦੇ ਹਨ ਜਾਂ ਫਿਰ ਕਾਂਗਰਸ ਦੇ ਰਹਿਮੋ ਕਰਮ ਨੂੰ ਵੇਖਦੇ ਅਪਣਾ ਰੁਖ ਸਰਕਾਰ ਪ੍ਰਤੀ ਨਰਮ ਰਖਦੇ ਹਨ ਕਿਉਂਕਿ ਹਰਪਾਲ ਚੀਮਾ ਨਾਲ ਇਸ ਸਮੇਂ 20 ਵਿਚੋਂ ਸਿਰਫ਼ 11 ਵਿਧਾਇਕ ਹੀ ਹਨ

ਜਦਕਿ ਲੋਕ ਇਨਸਾਫ਼ ਪਾਰਟੀ ਦੇ ਦੋ ਵਿਧਾਇਕ ਬੈਂਸ ਭਰਾ ਪਹਿਲਾਂ ਹੀ ਸੁਖਪਾਲ ਖਹਿਰਾ ਨਾਲ ਖੁੱਲ੍ਹ ਕੇ ਚੱਲ ਰਹੇ ਹਨ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ਜਿਥੇ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਦੀ ਬਰਗਾੜੀ ਕਾਂਡ ਦੇ ਮਾਮਲੇ ਵਿਚ ਤਿਆਰ ਕੀਤੀ ਰੀਪੋਰਟ ਨੂੰ ਜਨਤਕ ਕਰਨ ਦੀ ਮੰਗ ਕਰਨਗੇ।

ਇਸ ਤੋਂ ਇਲਾਵਾ ਖਹਿਰਾ ਕਾਂਗਰਸ ਨੂੰ ਅਕਾਲੀ ਦਲ ਪ੍ਰਤੀ ਵਰਤੇ ਜਾ ਰਹੇ ਨਰਮ ਰੁਖ ਰੱਖਣ ਦੇ ਦੋਸ਼ ਲਗਾ ਕੇ ਵੀ ਘੇਰਨ ਦੀ ਕੋਸਿਸ਼ ਕਰਨਗੇ। ਭਾਵੇਂ ਸਾਰੀਆਂ ਸਿਆਸੀ ਪਾਰਟੀਆਂ ਕਿਸੇ ਨਾ ਕਿਸੇ ਮੁੱਦੇ 'ਤੇ ਵਿਧਾਨ ਸਭਾ ਵਿਚ ਘਿਰਦੀਆਂ ਨਜ਼ਰ ਆ ਰਹੀਆਂ ਹਨ ਪਰ ਸਮਾਂ ਹੀ ਦੱਸੇਗਾ ਕਿ ਕਿਹੜੀ ਧਿਰ ਕਿਸ 'ਤੇ ਵਿਧਾਨ ਸਭਾ ਵਿਚ ਭਾਰੀ ਪੈਂਦੀ ਹੈ।