ਢੱਡਰੀਆਂ ਵਾਲਿਆਂ ਖਿਲਾਫ਼ ਅਕਾਲ ਤਖ਼ਤ ਸਾਹਿਬ ਦੀ ਸਖ਼ਤੀ, ਮੁਆਫ਼ੀ ਮੰਗਣ ਤਕ ਸਮਾਗਮ ਨਾ ਕਰਵਾਉਣ ਦੇ ਹੁਕਮ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਵਾਚਣ ਬਾਅਦ ਲਿਆ ਗਿਆ ਫ਼ੈਸਲਾ

Sri Akal Takht Sahib

ਅੰਮ੍ਰਿਤਸਰ :  ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜੇ ਤਖ਼ਤਾਂ ਦੇ ਜਥੇਦਾਰਾਂ ਦੀ ਹੋਈ ਮੀਟਿੰਗ ਦੌਰਾਨ ਕਈ ਅਹਿਮ ਮਸਲੇ ਵਿਚਾਰੇ ਗਏ। ਮੀਟਿੰਗ ਦੌਰਾਨ ਉੱਘੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਸਖ਼ਤ ਰੁਖ ਅਪਨਾਉਂਦਿਆਂ ਸੰਗਤਾਂ ਲਈ ਉਨ੍ਹਾਂ ਦੇ ਸਮਾਗਮਾਂ ਦੇ ਬਾਈਕਾਟ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਬੋਲੇ ਗਏ ਕਥਨਾਂ ਸਬੰਧੀ ਪੜਤਾਲ ਲਈ ਵਿਦਵਾਨਾਂ ਦੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਪੁਜ ਗਈ ਹੈ। ਰਿਪੋਰਟ ਮੁਤਾਬਕ ਢੱਡਰੀਆਂ ਵਾਲਿਆਂ ਵਲੋਂ ਕੁੱਝ ਗ਼ਲਤ ਬਿਆਨੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਉਹ ਇਨਕਾਰੀ ਹਨ।

ਇਸ ਸਬੰਧੀ ਅੱਜ ਦੀ ਮੀਟਿੰਗ ਦੌਰਾਨ ਫ਼ੈਸਲਾ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸੰਗਤਾਂ, ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਦਿਤਾ ਜਾਂਦਾ ਹੈ ਕਿ ਜਦੋਂ ਤਕ ਭਾਈ ਢੱਡਰੀਆਂ ਵਾਲੇ ਅਪਣੀ ਗ਼ਲਤ ਬਿਆਨੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦੇ, ਉਦੋਂ ਤਕ ਉਨ੍ਹਾਂ ਦੇ ਸਮਾਗਮ ਨਾ ਕਰਵਾਏ ਜਾਣ। ਇਸੇ ਤਰ੍ਹਾਂ ਉਨ੍ਹਾਂ ਦੀਆਂ ਆਡੀਓ ਅਤੇ ਵੀਡੀਓਜ਼ ਆਦਿ ਨੂੰ ਵੀ ਨਾ ਵੇਖਣ-ਸੁਣਨ ਅਤੇ ਅੱਗੇ ਸਾਂਝੀਆਂ ਕਰਨ ਦੀ ਮਨਾਹੀ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।  

ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਨਵੀਆਂ ਹਦਾਇਤਾਂ ਬਾਅਦ ਦੋਵੇਂ ਧਿਰਾਂ ਦਰਮਿਆਨ ਵਿਵਾਦ ਗਹਿਰਾਉਣ ਦੇ ਅਸਾਰ ਬਣਦੇ ਜਾ ਰਹੇ ਹਨ। ਦੂਜੇ ਪਾਸੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਪਣੇ ਕਹੇ ਬੋਲਾਂ 'ਤੇ ਅਡਿੱਗ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਕੁੱਝ ਵੀ ਕਿਹਾ ਹੈ, ਉਹ ਗੁਰੂ ਆਸੇ ਦੇ ਅਨੁਕੂਲ ਹੀ ਬੋਲਿਆ ਹੈ। ਭਾਈ ਢੱਡਰੀਆਂ ਵਾਲੇ ਅਪਣੇ ਹਰ ਕਥਨਾਂ ਨੂੰ ਤਰਕ ਦੀ ਕਸਵੱਟੀ 'ਤੇ ਤੋਲਦਿਆਂ ਸਹੀ ਦੱਸਦੇ ਹਨ ਜਦਕਿ ਉਨ੍ਹਾਂ ਦੇ ਵਿਰੋਧੀਆਂ ਵਲੋਂ ਉਨ੍ਹਾਂ ਦੇ ਕਥਨਾਂ ਨੂੰ ਗੁਰਮਤਿ ਵਿਰੋਧੀ ਦੱਸਿਆ ਜਾਂਦਾ ਹੈ।

ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਜਨਤਕ ਸਮਾਗਮ ਨਾ ਕਰਨ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ, ਜਿੱਥੇ ਉਨ੍ਹਾਂ ਦੇ ਵੱਡੀ ਗਿਣਤੀ ਫੋਲੋਅਰਜ਼ ਹਨ। ਵੱਡੀ ਗਿਣਤੀ ਲੋਕ ਉਨ੍ਹਾਂ ਦੀਆਂ ਆਡੀਓ ਅਤੇ ਵੀਡੀਓਜ਼ ਨੂੰ ਵੇਖਦੇ ਤੇ ਸੁਣਦੇ ਅਤੇ ਅੱਗੇ ਸ਼ੇਅਰ ਕਰਦੇ ਹਨ। ਆਉਣ ਵਾਲੇ ਸਮੇਂ 'ਚ ਇਹ ਵਿਵਾਦ ਕਿਸ ਤਰਫ਼ ਜਾਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਭਾਈ ਢੱਡਰੀਆਂ ਵਾਲਿਆਂ ਦੀਆਂ ਦਲੀਲਾਂ ਨੂੰ ਵੇਖਦਿਆਂ ਉਨ੍ਹਾਂ ਦੇ ਨੇੜ ਭਵਿੱਖ 'ਚ ਜਥੇਦਾਰਾਂ ਸਾਹਮਣੇ ਮੁਆਫ਼ੀ ਲਈ ਜਾਣ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।