ਸ਼ਹਿਰਾਂ 'ਚ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਵਰਤੋਂ ਯੋਗ ਬਣਾਉਣ ਲਈ ਇਜ਼ਰਾਇਲ ਦੇ ਸਹਿਯੋਗ ਦੀ ਮੰਗ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਮੁੜ ਵਰਤੋਂ ਯੋਗ ਬਣਾਉਣ...
ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਮੁੜ ਵਰਤੋਂ ਯੋਗ ਬਣਾਉਣ ਲਈ ਇਜ਼ਰਾਇਲ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇਸ ਦਾ ਉਦੇਸ਼ ਪ੍ਰਦੂਸ਼ਣ ਨੂੰ ਰੋਕਣਾ ਅਤੇ ਸਿੰਚਾਈ ਮਕਸਦਾਂ ਲਈ ਪਾਣੀ ਉਪਲਬੱਧ ਕਰਵਾਉਣਾ ਹੈ।
ਮੁੱਖ ਮੰਤਰੀ ਨੇ ਪੰਜਾਬ ਵਿਚ ਪਾਣੀ ਦੀ ਸੰਭਾਲ ਨੂੰ ਬੜ੍ਹਾਵਾ ਦੇਣ ਅਤੇ ਪਾਣੀ ਦੇ ਪ੍ਰਬੰਧਨ ਦੇ ਮੁੱਦੇ 'ਤੇ ਇਜ਼ਰਾਇਲ ਦੇ ਊਰਜਾ ਤੇ ਜਲ ਸਰੋਤ ਮੰਤਰੀ ਡਾ. ਯੂਵਲ ਸਟੈਨਿਟਜ਼ ਨਾਲ ਵਿਸਤ੍ਰਤ ਵਿਚਾਰ ਵਟਾਂਦਰਾ ਕੀਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਹੈ ਅਤੇ ਜਲ ਸਰੋਤ ਪੰਜਾਬ ਲਈ ਲਗਾਤਾਰ ਚੁਣੌਤੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸੇ ਚੁਣੌਤੀ ਦੇ ਕਾਰਨ ਸਰਕਾਰ ਪਾਣੀ ਵਰਗੇ ਵਢਮੁੱਲੇ ਸਰੋਤ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ-ਕਣਕ ਦੇ ਚੱਕਰ ਵਿਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਡਾ. ਸਟੈਨਿਟਜ਼ ਨੇ ਦੱਸਿਆ ਕਿ ਇਜ਼ਰਾਇਲ ਇਸ ਸਬੰਧ ਵਿਚ ਉਨ੍ਹਾਂ ਦੀ ਹਰ ਮਦਦ ਕਰ ਕੇ ਖੁਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਨੇੜੇ ਦੇ ਇਤਿਹਾਸਕ, ਸੱਭਿਆਚਾਰਕ ਅਤੇ ਵਪਾਰਕ ਸਬੰਧਾਂ ਦੇ ਕਾਰਨ ਉਨ੍ਹਾਂ ਨੂੰ ਇਸ ਸਬੰਧ ਵਿਚ ਹੋਰ ਵੀ ਖੁਸ਼ੀ ਹੋਵੇਗੀ।
ਮੰਤਰੀ ਨੇ ਕੁਲ ਲੋੜ ਅਤੇ ਉਪਲਬੱਧਤਾ ਦੇ ਅਨੁਮਾਨ ਰਾਹੀਂ ਢੁੱਕਵੇਂ ਪਾਣੀ ਪ੍ਰਬੰਧਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਲਗਾਤਾਰ ਪੰਜਵੇਂ ਸਾਲ ਸੋਕੇ ਦਾ ਸਾਹਮਣਾ ਕਰ ਰਿਹਾ ਹੈ ਪਰ ਇਹ ਵੱਖ ਵੱਖ ਤਰੀਕਿਆਂ ਰਾਹੀਂ ਅਪਣੀਆਂ ਪਾਣੀ ਦੀਆਂ ਜ਼ਰੂਰਤਾਂ ਦਾ ਪ੍ਰਬੰਧ ਕਰ ਰਿਹਾ ਹੈ। ਇਸ ਵਲੋਂ ਅਪਣੀਆਂ 80 ਫੀਸਦੀ ਘਰੇਲੂ ਜ਼ਰੂਰਤਾਂ ਲਈ ਖਾਰੇ ਪਾਣੀ ਦੀ ਦੋਹਰੀ ਸੁਧਾਈ ਕਰਕੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿਤਾ।
ਹੋਸਪਾਈਸ ਦਾ ਤੋਹਫਾ ਸਥਾਨਕ ਲੋਕਾਂ ਵਲੋਂ ਸੂਫੀ ਸੰਤ ਨੂੰ ਦਿਤਾ ਗਿਆ ਸੀ। ਇਹ ਸੂਫੀ ਸੰਤ ਪੰਜਾਬ ਦੇ ਫਰੀਦਕੋਟ ਤੋਂ ਸਨ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਕੁਝ ਸਮੇਂ ਲਈ ਜੈਰੁਸਲੇਮ ਵਿਖੇ ਠਹਿਰੇ ਸਨ। ਮੁੱਖ ਮੰਤਰੀ ਦੇ ਨਾਲ ਇਜ਼ਰਾਇਲ ਵਿਚ ਭਾਰਤੀ ਰਾਜਦੂਤ ਪਵਨ ਕਪੂਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਸਕੱਤਰ ਵਿਸਵਜੀਤ ਖੰਨਾ ਅਤੇ ਡੀ.ਆਈ.ਜੀ ਇਨਟੈਲੀਜੈਂਸ ਦਿਨਕਰ ਗੁਪਤਾ ਵੀ ਸਨ।
ਇਸ ਤੋਂ ਪਹਿਲਾਂ ਇਜ਼ਰਾਇਲੀ ਨਿਵੇਸ਼ ਅਤੇ ਵਪਾਰ ਨੂੰ ਆਕਰਸ਼ਿਤ ਕਰਨ ਦੀਆਂ ਅਪਣੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਮੁੱਖ ਮੰਤਰੀ ਨੇ ਸੂਬੇ ਭਰ ਦੇ ਵੱਖ ਵੱਖ ਸੈਕਟਰਾਂ ਵਿਚ ਨਿਵੇਸ਼ ਕਰਨ ਨੂੰ ਤਿਆਰ ਇਜ਼ਰਾਇਲੀ ਕੰਪਨੀਆਂ ਨੂੰ ਅਪਣੀ ਸਰਕਾਰ ਵਲੋਂ ਹਰ ਸਹਾਇਤਾ ਦੇਣ ਦਾ ਵਾਅਦਾ ਕੀਤਾ। 'ਪੰਜਾਬ ਵਿਚ ਨਿਵੇਸ਼ ਦੇ ਮੌਕੇ' ਸਬੰਧੀ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਪਾਰ ਨੂੰ ਬੜ੍ਹਾਵਾ ਦੇਣ ਵਾਸਤੇ ਇਸ ਨੂੰ ਸੁਖਾਲਾ ਬਣਾਇਆ ਹੈ।
ਸੂਬਾ ਸਰਕਾਰ ਵਲੋਂ ਸਸਤੀ ਬਿਜਲੀ ਦੇਣ ਤੋਂ ਇਲਾਵਾ ਇਕ ਖਿੜਕੀ ਪ੍ਰਵਾਨਗੀ ਮੁਹੱਈਆ ਕਰਵਾਈ ਜਾ ਰਹੀ ਹੈ। ਸੂਬੇ ਵਿਚ ਸੰਚਾਰ ਅਤੇ ਟਰਾਂਸਪੋਰਟ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਹੈ। ਇਹ ਸੈਮੀਨਾਰ ਇਜ਼ਰਾਈਲ-ਏਸ਼ੀਅਨ ਚੈਂਬਰ ਆਫ ਕਮਰਸ ਦੇ ਸਹਿਯੋਗ ਨਾਲ ਭਾਰਤੀ ਦੂਤਾਵਾਸ ਵਲੋਂ ਤਲ ਅਵੀਵ ਵਿਖੇ ਆਯੋਜਿਤ ਕਰਵਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਚਾਰ ਹਵਾਈ ਅੱਡੇ ਹੋਣ ਤੋਂ ਇਲਾਵਾ ਪੰਜਾਬ ਮੱਧ ਪੂਰਵ ਲਈ ਇਕ ਪ੍ਰਮੁੱਖ ਲਾਂਘਾ ਹੈ।
ਉਨ੍ਹਾਂ ਨੇ ਸੈਮੀਨਾਰ ਦੌਰਾਨ ਉੱਘੇ ਉਦਯੋਗਪਤੀਆਂ ਨੂੰ ਜਾਣਕਾਰੀ ਦਿਤੀ ਅਤੇ ਉਨ੍ਹਾਂ ਦੇ ਸਾਹਮਣੇ ਇਕ ਵਿਸਤ੍ਰਤ ਪੇਸ਼ਕਾਰੀ ਵੀ ਕੀਤੀ ਜਿਸ ਵਿਚ ਦੁਨੀਆਂ ਦੇ ਪ੍ਰਮੁੱਖ ਉਦਯੋਗਪਤੀਆਂ ਲਈ ਪੰਜਾਬ ਵਪਾਰ ਦਾ ਇਕ ਵਧੀਆ ਸਥਾਨ ਹੋਣ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਬਹੁਤ ਵਧੀਆ ਯੂਨੀਵਰਸਿਟੀਆਂ ਹਨ ਜੋ ਸਿੱਖਿਅਤ, ਹੁਨਰਮੰਦ ਅਤੇ ਸਖ਼ਤ ਮਿਹਨਤੀ ਮਾਨਵੀ ਸ਼ਕਤੀ ਮੁਹੱਈਆ ਕਰਵਾ ਰਹੀਆਂ ਹਨ ਜੋ ਕਿ ਵਪਾਰ ਨੂੰ ਬੜ੍ਹਾਵਾ ਦੇਣ ਅਤੇ ਇਸ ਨੂੰ ਸਥਾਪਤ ਕਰਨ ਲਈ ਜ਼ਰੂਰੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ, ''ਜਦੋਂ ਤੁਸੀਂ ਪੰਜਾਬ ਆਉਗੇ, ਅਸੀਂ ਤੁਹਾਡਾ ਬਾਹਾਂ ਉਲਾਰ ਕੇ ਸਵਾਗਤ ਕਰਾਂਗੇ ਅਤੇ ਤੁਹਾਡੇ ਵਪਾਰਕ ਉਦਮਾਂ ਵਿਚ ਤੁਹਾਡੀ ਮਦਦ ਕਰਾਂਗੇ''। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਮੌਕਾ ਪੰਜਾਬ ਅਤੇ ਇਜ਼ਰਾਇਲ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਾਰਗਰ ਹੋਵੇਗਾ। ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੋਲਰ ਪਾਵਰ ਪ੍ਰਾਜੈਕਟਾਂ ਵਿਚ ਵੱਡੇ ਫਾਇਦੇ ਦੇਣ ਲਈ ਧਿਆਨ ਕੇਂਦਰਤ ਕਰ ਰਹੀ ਹੈ।
ਉਨ੍ਹਾਂ ਨੇ ਸੂਬੇ ਵਿਚ ਫ਼ਸਲੀ ਵਿਭਿੰਨਤਾ 'ਤੇ ਜ਼ੋਰ ਦਿਤਾ ਅਤੇ ਸੂਬੇ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਣ ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦੀ ਤੁਪਾ ਸਿੰਚਾਈ ਤਕਨਾਲੋਜੀ ਬਹੁਤ ਵਧੀਆ ਹੈ ਅਤੇ ਪੰਜਾਬ ਇਸ ਨੂੰ ਅਪਣਾ ਸਕਦਾ ਹੈ। ਮੁੱਖ ਮੰਤਰੀ ਨੇ ਪੰਜਾਬ ਵਿਚ ਸਨਅਤੀਕਰਨ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਰੱਖਿਆ ਜਿਸ ਨੂੰ 1947 ਦੇ ਬਟਵਾਰੇ ਦੌਰਾਨ ਵੱਡੀ ਢਾਹ ਲੱਗੀ ਅਤੇ ਇਸ ਤੋਂ ਬਾਅਦ 1966 ਵਿਚ ਵੀ ਇਸ ਨੂੰ ਇਸ ਖੇਤਰ ਵਿਚ ਨੁਕਸਾਨ ਉਠਾਣਾ ਪਿਆ।
ਉਨ੍ਹਾਂ ਕਿਹਾ ਕਿ ਉਦਮੀ ਭਾਵਨਾ ਅਤੇ ਮਜ਼ਬੂਤੀ ਦੇ ਕਾਰਨ ਪੰਜਾਬੀ ਇਜ਼ਰਾਇਲ ਅਤੇ ਹੋਰ ਦੇਸ਼ਾਂ ਦੇ ਨਿਵੇਸ਼ ਦੇ ਸਮਰਥਨ ਨਾਲ ਸੂਬੇ ਦੀ ਤਕਦੀਰ ਬਦਲ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ 1971 ਵਿਚ ਕੀਤੇ ਇਜ਼ਰਾਇਲ ਦੇ ਅਪਣੇ ਦੌਰੇ ਨੂੰ ਵੀ ਯਾਦ ਕੀਤਾ ਜਦੋਂ ਉਹ ਇਜ਼ਰਾਈਲ ਦੇ ਲੋਕਾਂ ਦੀਆਂ ਭਾਵਨਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਭਾਵਨਾ ਆਉਂਦਿਆਂ ਮਹੀਨਿਆਂ ਦੌਰਾਨ ਪੰਜਾਬ ਨਾਲ ਸਹਿਯੋਗ ਅਤੇ ਭਾਈਵਾਲੀ ਵਿਚ ਵਾਧੇ ਨਾਲ ਰੂਪਮਾਨ ਹੋਵੇਗੀ।
ਇਸ ਸੈਮੀਨਾਰ ਵਿਚ ਹਾਜ਼ਰ ਇਜ਼ਰਾਇਲ ਦੇ ਉਘੇ ਉਦਯੋਗਪਤੀਆਂ ਵਿਚ ਸੋਲਵ ਸੋਲਰ ਐਨਰਜੀ ਦੇ ਸੀ.ਈ.ਓ ਡਰੋਰ ਗਰੀਨ, ਇਜ਼ਰਾਇਲ-ਭਾਰਤ ਚੈਂਬਰ ਆਫ ਕਮਰਸ ਦੇ ਚੇਅਰਮੈਨ ਅਨਤ ਬਰਨਸਟੀਨ-ਰੀਚ, ਵੀਬਾਯੇ ਦੇ ਸੀ.ਈ.ਓ ਐਮਿਲ ਗੁਬਰਮੈਨ, ਬਾਈਓਫੀਡ ਦੇ ਸੀ.ਈ.ਓ ਨਿਮਰੋਦ ਇਜ਼ਰਾਇਲੀ, ਏ.ਐਮ.ਐਸ ਟੈਕਨੋਲੋਜੀਜ਼ ਦੇ ਸੀ.ਈ.ਓ ਗਿਲ ਮੀਰੋਵਿਚ, ਮੈਨੇਜਰ ਆਰਥਿਕ ਮੰਤਰਾਲੇ, ਇਜ਼ਰਾਇਲ ਸਰਕਾਰ ਸਾਗੀ ਇੱਚਰ ਅਤੇ ਨਾਨਦਾਨਜੈਨ ਦੇ ਡਾਇਰੈਕਟਰ ਅਮਨੋਨ ਓਫੇਨ ਸ਼ਾਮਲ ਸਨ।