ਬਾਦਲਾਂ ਨੂੰ ਮੁੱਖ ਮੰਤਰੀ ਦੀ ਇਜ਼ਰਾਇਲ ਫੇਰੀ ਉਤੇ ਕਿੰਤੂ ਕਰਨ ਦਾ ਕੋਈ ਮੌਲਿਕ ਹੱਕ ਨਹੀਂ: ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਜ਼ਰਾਇਲ ਫੇਰੀ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿਤੇ ਬਿਆਨ ਨੂੰ ਕਰੜੇ ਹੱਥੀ ਲੈਂਦਿਆਂ...

The Badals have no fundamental right to object Chief Minister's visit to Israel

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਜ਼ਰਾਇਲ ਫੇਰੀ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿਤੇ ਬਿਆਨ ਨੂੰ ਕਰੜੇ ਹੱਥੀ ਲੈਂਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿ ਜਦੋਂ ਪੰਜਾਬ ਵਿਚ ਬਰਗਾੜੀ ਬੇਅਦਬੀ ਕਾਂਡ ਹੋਇਆ ਤਾਂ ਉਦੋਂ ਤਤਕਾਲੀ ਮੁੱਖ ਮੰਤਰੀ ਕਿਥੇ ਸੀ।

ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਵੇਲੇ ਇਕ ਮਹੀਨਾ ਚੰਡੀਗੜ੍ਹ ਵਿਖੇ ਅਪਣੇ ਘਰਾਂ ਵਿਚੋਂ ਨਾ ਨਿਕਲਣ ਵਾਲੇ ਬਾਦਲ-ਪਿਉ ਪੁੱਤਰ ਅੱਜ ਕਿਹੜੇ ਮੂੰਹ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਸਵਾਲ ਚੁੱਕ ਰਹੇ ਹਨ। ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਇਜ਼ਰਾਈਲ ਜਾਣ ਲਈ ਨਵੀਂ ਦਿੱਲੀ ਪਹੁੰਚੇ ਹੋਏ ਸਨ ਪ੍ਰੰਤੂ ਜਦੋਂ ਦੁਸਹਿਰੇ ਦੀ ਰਾਤ ਅੰਮ੍ਰਿਤਸਰ ਵਿਖੇ ਰੇਲ ਹਾਦਸਾ ਵਾਪਰਿਆ ਤਾਂ ਮੁੱਖ ਮੰਤਰੀ ਅਗਲੀ ਸਵੇਰ ਹੀ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ੍ਹਾਂ ਜ਼ਖਮੀਆਂ ਦਾ ਹਾਲ ਪੁੱਛਿਆ,

ਉਚ ਅਧਿਕਾਰੀਆਂ ਨੂੰ ਅੰਮ੍ਰਿਤਸਰ ਤਾਇਨਾਤ ਕੀਤਾ, ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਰਾਹਤ ਤੇ ਮੁੜ ਵਸੇਬਾ ਦੇ ਕਾਰਜਾਂ ਦੀ ਖ਼ੁਦ ਕਮਾਨ ਸੰਭਾਲੀ। ਇਥੋਂ ਤੱਕ ਕਿ ਜਦੋਂ ਮੁੱਖ ਮੰਤਰੀ ਵਲੋਂ ਕੈਬਨਿਟ ਮੰਤਰੀਆਂ ਦੇ ਬਣਾਏ ਸੰਕਟ ਪ੍ਰਬੰਧਨ ਗਰੁੱਪ ਨੇ ਮੁੱਖ ਮੰਤਰੀ ਨੂੰ ਸਾਰੀ ਸਥਿਤੀ ਕੰਟਰੋਲ ਹੇਠ ਹੋਣ ਦਾ ਭਰੋਸਾ ਦਿਤਾ ਤਾਂ ਫੇਰ ਉਹ ਇਜ਼ਰਾਇਲ ਲਈ ਰਵਾਨਾ ਹੋਏ। ਮੁੱਖ ਮੰਤਰੀ ਉਥੇ ਜਾ ਕੇ ਵੀ ਵੀਡਿਓ ਕਾਨਫਰੰਸਿਗ ਰਾਹੀਂ ਨਿਰੰਤਰ ਰਾਹਤ ਕੰਮਾਂ ਦਾ ਜਾਇਜ਼ਾ ਲੈ ਰਹੇ ਸਨ।

ਸ ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਨੂੰ ਅੱਜ ਮੁੱਖ ਮੰਤਰੀ ਦੀ ਇਜ਼ਰਾਈਲ ਫੇਰੀ ਉਤੇ ਕਿੰਤੂ ਕਰਨ ਦਾ ਮੌਲਿਕ ਹੱਕ ਨਹੀਂ ਹੈ ਜਿਨ੍ਹਾਂ ਨੇ ਬੇਅਦਬੀ ਕਾਂਡ ਵੇਲੇ ਕੋਈ ਵੀ ਕਾਰਗਰ ਕਦਮ ਨਹੀਂ ਚੁੱਕਿਆ ਸਗੋਂ ਪੁਲਿਸ ਰਾਹੀਂ ਨਿਹੱਥੇ ਸਿੱਖਾਂ ਉਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਦਾ ਇਜ਼ਰਾਇਲ ਦੌਰਾ ਬਹੁਤ ਹੀ ਪਹਿਲਾਂ ਤੋਂ ਤੈਅ ਸੀ ਜਿਥੇ ਇਜ਼ਰਾਇਲ ਦੇ ਰਾਸ਼ਟਰਪਤੀ ਸਮੇਤ ਉੱਚ ਅਧਿਕਾਰੀਆਂ ਨਾਲ ਅਹਿਮ ਸਮਝੌਤੇ ਕਰਨੇ ਸਨ ਜਿਸ ਨੂੰ ਨਹੀਂ ਟਾਲਿਆ ਜਾ ਸਕਦਾ ਸੀ।

 ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਜ਼ਰਾਇਲ ਫੇਰੀ ਨੇ ਪੰਜਾਬ ਦੇ ਵਿਕਾਸ ਲਈ ਖੇਤੀਬਾੜੀ, ਜਲ ਸਰੋਤਾਂ ਦੀ ਸੰਭਾਲ, ਸਿੰਜਾਈ, ਖੇਤੀਬਾੜੀ ਖੋਜ, ਸਿੱਖਿਆ, ਸ਼ਹਿਰਾਂ ਦੀ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ, ਹੋਮ ਲੈਂਡ ਸੁਰੱਖਿਆ ਆਦਿ ਖੇਤਰਾਂ ਵਿਚ ਨਵੇਂ ਰਾਸਤੇ ਖੋਲ੍ਹੇ ਹਨ। ਇਸ ਫੇਰੀ ਦੌਰਾਨ ਮੁੱਖ ਮੰਤਰੀ ਵਲੋਂ ਵੱਖ-ਵੱਖ ਮਹੱਤਵਪੂਰਨ ਸਮਝੌਤੇ ਸਹੀਬੰਦ (ਐਮ.ਓ.ਯੂ.) ਕੀਤੇ ਗਏ ਜਿਨ੍ਹਾਂ ਨਾਲ ਪੰਜਾਬ ਲਈ ਖਾਸ ਕਰਕੇ ਖੇਤੀ ਵਿਭਿੰਨਤਾ ਅਤੇ ਪਾਣੀ ਦੇ ਖੁਰ ਰਹੇ ਵਸੀਲਿਆਂ ਨੂੰ ਬਚਾਉਣ ਪਖੋਂ ਬਹੁਤ ਅਹਿਮੀਅਤ ਹੈ।

 ਉਨ੍ਹਾਂ ਦੱਸਿਆ ਕਿ ਇਜ਼ਰਾਇਲ ਆਧੁਨਿਕ ਤਕਨੀਕ ਦੀ ਵਰਤੋਂ ਰਾਹੀਂ 90 ਫੀਸਦੀ ਪਾਣੀ ਨੂੰ ਮੁੜ ਵਰਤਣਯੋਗ ਬਣਾਉਂਦਾ ਹੈ ਅਤੇ ਪੰਜਾਬ ਵੀ ਇਸ ਤਕਨੀਕ ਨੂੰ ਅਪਣਾ ਸਕਦਾ ਹੈ। ਪੰਜਾਬ ਦੇ ਵਿਕਾਸ ਲਈ ਮੀਲ ਪੱਥਰ ਸਥਾਪਤ ਹੋਏ ਇਸ ਦੌਰੇ ਦੌਰਾਨ ਮੁੱਖ ਮੰਤਰੀ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਰਿਊਵੇਨ ਰਿਵਲਿਨ, ਖੇਤੀਬਾੜੀ ਮੰਤਰੀ ਉਰੀ ਏਰੀਅਲ, ਊਰਜਾ ਤੇ ਜਲ ਸਰੋਤ ਮੰਤਰੀ ਡਾ. ਯੁਵਾਲ ਸਟੇਨਿਟਜ਼ ਅਤੇ ਇਜ਼ਰਾਈਲ ਦੀ ਰਾਸ਼ਟਰੀ ਜਲ ਕੰਪਨੀ ਮੇਕੋਰੋਟ ਦੇ ਅਧਿਕਾਰੀਆਂ ਨਾਲ ਵੱਖਰੇ ਤੌਰ 'ਤੇ ਮੀਟਿੰਗਾਂ ਵੀ ਕੀਤੀਆਂ।

ਇਸ ਫੇਰੀ ਦੌਰਾਨ ਮੀਟਿੰਗਾਂ ਦੌਰਾਨ ਮੁੱਖ ਮੰਤਰੀ ਨੇ ਊਰਜਾ, ਜਲ, ਵਾਜ਼ਿਬ ਦਰਾਂ ਦੇ ਘਰਾਂ, ਸਕੂਲਾਂ ਅਤੇ ਹਸਪਤਾਲਾ ਦੇ ਨਿਰਮਾਣ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਨੇ ਡੈਨ ਰੀਜ਼ਨ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ( ਸ਼ਾਫਦਾਨ) ਦਾ ਵੀ ਦੌਰਾ ਕੀਤਾ | ਸ਼ਾਫਦਾਨ ਇਕ ਇੰਟਰ ਰੀਜ਼ਨਲ ਸਿਸਟਮ ਹੈ ਜੋ ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਅਤੇ ਸਨਅਤੀ ਜੋਨਾਂ ਵਿੱਚ ਮਿਉਂਸਪਲ ਰਹਿੰਦ-ਖੁਹੰਦ ਨੂੰ ਇਕੱਤਰ ਕਰਦਾ, ਸੋਧਦਾ ਅਤੇ ਵਰਤਣਯੋਗ ਬਣਾਉਂਦਾ ਹੈ | ਇਹ ਇਜ਼ਰਾਈਲ ਵਿਚ ਸੱਭ ਤੋਂ ਵੱਡਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਹੈ।

Related Stories