ਜੀਜਾ-ਸਾਲੇ ਨੂੰ ਲੋਕ ਪਿੰਡਾਂ ਵਿਚ ਵੜਨ ਨਹੀਂ ਦੇ ਰਹੇ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਾਕ ਸੰਮਤੀ ਤੇ ਪੰਚਾਇਤ ਚੋਣਾਂ ਲਈ ਅੰਮ੍ਰਿਤਸਰ ਦੇ ਆਬਜ਼ਰਵਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ...........

Sukhjinder Singh Randhawa

ਅੰਮ੍ਰਿਤਸਰ : ਬਲਾਕ ਸੰਮਤੀ ਤੇ ਪੰਚਾਇਤ ਚੋਣਾਂ ਲਈ ਅੰਮ੍ਰਿਤਸਰ ਦੇ ਆਬਜ਼ਰਵਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਨੂੰ ਰਾਜਨੀਤੀ ਅਧੀਨ ਲਿਆਂਦਾ ਹੈ ਪਰ ਸਿੱਖ ਧਰਮ 'ਚ ਮੀਰੀ-ਪੀਰੀ ਦੇ ਸਿਧਾਂਤ ਮੁਤਾਬਕ ਧਰਮ ਰਾਜਨੀਤੀ ਤੋਂ ਉਪਰ ਹੈ। ਇਸ ਵੇਲੇ ਬਾਦਲ ਪਰਵਾਰ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਹੈ। 

ਰੰਧਾਵਾ ਨੇ ਟਕਸਾਲੀ ਅਕਾਲੀਆਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਜਥੇਦਾਰ ਅਵਤਾਰ ਸਿੰਘ ਮੱਕੜ, ਪ੍ਰੇਮ ਸਿੰਘ ਚੰਦੂਮਾਜਰਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਮੀਰ ਜਾਗ ਪਈ ਹੈ ਜਿਨ੍ਹਾਂ ਬਾਦਲਾਂ ਦੀਆਂ ਨੀਤੀਆਂ ਨੂੰ ਸਿੱਧੇ ਅਸਿੱਧੇ ਢੰਗ ਨਾਲ ਜਨਤਕ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਦੇ ਹੁਕਮਾਂ 'ਤੇ ਗੋਲੀ ਨਹੀਂ ਚੱਲੀ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੇ ਆਦੇਸ਼ ਦਿਤੇ ਹਨ। 

ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਉਂਦਿਆਂ ਰੰਧਾਵਾ ਨੇ ਕਿਹਾ ਕਿ ਜੀਜਾ ਸਾਲੇ ਨੂੰ ਲੋਕ ਪਿੰਡਾਂ ਵਿਚ ਵੜਨ ਨਹੀਂ ਦੇ ਰਹੇ। ਰੰਧਾਵਾ ਮੁਤਾਬਕ ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਪਰ ਬਣੇ ਹਾਲਾਤ ਅਨੁਸਾਰ ਅਕਾਲੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਸਿੱਖ ਮੂੰਹ ਨਹੀਂ ਲਾਉਣਗੇ। ਰੰਧਾਵਾ ਨੇ ਕਿਹਾ ਕਿ ਉਹ ਪਹਿਲਾਂ ਸਿੱਖ ਹੈ ਤੇ ਕਾਂਗਰਸੀ ਬਾਅਦ ਵਿਚ।