ਕੇਂਦਰ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਲਈ ਅਕਾਲੀ ਦਲ ਦੀ ਮੰਗ ਮੰਨੀ : ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ‘ਚ ਕਰਤਾਰਪੁਰ ਸਾਹਿਬ ਵਿਚ ਜਗਤ....

Sukhbir Badal

ਸੁਲਤਾਨਪੁਰ ਲੋਧੀ (ਭਾਸ਼ਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ‘ਚ ਕਰਤਾਰਪੁਰ ਸਾਹਿਬ ਵਿਚ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਖਰੀ ਸਥਾਨ ਦੇ ਦਰਸ਼ਨਾਂ ਲਈ ਕਾਰੀਡੋਰ ਤਿਆਰ ਕਰਨ ਦੀ ਪੁਰਾਣੀ ਮੰਗ ਪੂਰੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਗੁਰੂ ਜੀ ਦੇ 549ਵੇਂ ਪ੍ਰਕਾਸ਼ ਪੁਰਬ ‘ਤੇ ਸ਼ੁਕਰਵਾਰ ਨੂੰ ਗੁਰਦੁਆਰਾ ਬੇਰ ਸਾਹਿਬ ਵਿਚ ਐਸ.ਜੀ.ਪੀ.ਸੀ ਦੁਆਰਾ ਆਯੋਜਿਤ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਕੇਂਦਰੀ ਕੈਬਨਿਟ ਨੇ ਅਕਾਲੀ ਦਲ ਦੀ ਮੰਗ ਨੂੰ ਮੰਨ ਲਿਆ ਹੈ।

ਕਰਤਾਰਪੁਰ ਸਾਹਿਬ ਕਾਰੀਡੋਰ ਦਾ ਨੀਂਹ ਪੱਥਰ 26 ਨਵੰਬਰ ਨੂੰ ਉਪਰਾਸ਼ਟਰਪਤੀ ਵੈਂਕਾਈਆ ਨਾਇਡੂ ਦੁਆਰਾ ਰੱਖਿਆ ਜਾਵੇਗਾ। ਰਾਜਪਾਲ ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਅੱਜ ਦੇ ਹਿੰਸਾ-ਭਰੇ ਮਾਹੌਲ ਵਿਚ ਗੁਰੂ ਸਾਹਿਬ ਜੀ ਦੀ ਸ਼ਾਂਤੀ ਅਤੇ ਭਾਈਚਾਰੇ ਦੀ ਸਿੱਖਿਆ ਬਹੁਤ ਹੀ ਮਹੱਤਵ ਰੱਖਦੀ ਹੈ। ਕੇਂਦਰੀ ਮੰਤਰੀ ਮਹੇਸ਼ ਸ਼ਰਮਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ, ਜਿਸ ਵਿਚ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਪੂਰੀ ਦੁਨੀਆਂ ਵਿਚ ਵੱਡੇ ਪੱਧਰ ‘ਤੇ ਮਨਾਏ ਜਾਣਗੇ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ। ਇਸ ਸਮਾਗਮ ਵਿਚ ਬਾਬਾ ਬਲਬੀਰ ਸਿੰਘ ਬੁੱਢਾ ਦਲ, ਸੰਤ ਬਾਬਾ ਹਰਪਾਲ ਸਿੰਘ ਝੌਲਾਵਾਲ, ਬਾਬਾ ਹਰਨਾਮ ਸਿੰਘ ਧੂੰਮਾ ਅਤ ਬਾਬਾ ਗੱਜਣ ਸਿੰਘ ਬਾਬਾ ਬਕਾਲਾ ਵਾਲੇ ਆਦਿ ਉੱਚ ਕੋਟਿ ਦੇ ਸੰਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ‘ਚ ਬਲਵਿੰਦਰ ਸਿੰਘ ਭੁੰਦੜ, ਨਿਰਮਲ ਸਿੰਘ ਕਾਹਲੋਂ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਉਪਿੰਦਰਜੀਤ ਕੌਰ, ਡਾ. ਦਲਜੀਤ ਸਿੰਘ ਚੀਮਾ, ਕਿਰਨਵੀਰ ਸਿੰਘ ਕੰਮ, ਬਲਦੇਵ ਸਿੰਘ ਮਾਨ ਅਤੇ ਦਰਬਾਰਾ ਸਿੰਘ ਗੁਰੂ ਵੀ ਸ਼ਾਮਲ ਰਹੇ।

ਇਸ ਦੇ ਨਾਲ ਹੀ ਅਕਾਲ ਤਖ਼ਤ ਦੇ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਨੇ ਅਪਣੇ ਸੰਦੇਸ਼ ‘ਚ ਇਹ ਅਪੀਲ ਕੀਤੀ ਹੈ ਕਿ ਸਿੱਖਾਂ ਨਾਲੋਂ ਵਿਛੜ ਗਏ ਸਾਰੇ ਗੁਰਦੁਆਰਿਆਂ ਜਿਵੇਂ ਕਿ ਡਾਂਗ ਮਾਰ ਗੁਰਦੁਆਰਾ ਤੇ ਗਿਆਨ ਗੋਦੜੀ ਗੁਰਦੁਆਰਾ ਆਦਿ ਨੂੰ ਸੇਵਾ ਸੰਭਾਲ ਲਈ ਸਿੱਖਾਂ ਨੂੰ ਸੌਂਪਿਆਂ ਜਾਵੇ। ਐਸ.ਜੀ.ਪੀ.ਸੀ ਦੇ ਪ੍ਰਧਾਨ ਭਾਈ ਗੋਵਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਮਨਾਉਣ ਲਈ ਐਸ.ਜੀ.ਪੀ.ਸੀ ਨੂੰ ਨੋਡਲ ਏਜੰਸੀ ਬਣਾਇਆ ਗਿਆ।

Related Stories