ਗਾਂਧੀ ਪਰਵਾਰ ਦੇ ਨਾਵਾਂ ਨਾਲ ਜੁੜੀਆਂ ਜਨਤਕ ਥਾਵਾਂ ਦੇ ਨਾਮ ਬਲਦੇ ਜਾਣ : ਬਿਕਰਮਜੀਤ ਮਜੀਠੀਆ
1984 ਸਿੱਖ ਕਤਲੇਆਮ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਗਾਂਧੀ ਪਰਵਾਰ ਨੂੰ ਘੇਰਦਾ ਆ ਰਿਹਾ ਹੈ....
ਚੰਡੀਗੜ੍ਹ (ਭਾਸ਼ਾ) : 1984 ਸਿੱਖ ਕਤਲੇਆਮ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਗਾਂਧੀ ਪਰਵਾਰ ਨੂੰ ਘੇਰਦਾ ਆ ਰਿਹਾ ਹੈ। ਹੁਣ ਅਕਾਲੀ ਦਲ ਨੇ ਫਿਰ ਗਾਂਧੀ ਪਰਵਾਰ ਵਿਰੁੱਧ ਤਾਜ਼ਾ ਹਮਲਾ ਬੋਲਦਿਆਂ 'ਗਾਂਧੀ ਪਰਿਵਾਰ' ਦੇ ਨਾਂ 'ਤੇ ਰੱਖੇ ਹਵਾਈ ਅੱਡਿਆਂ, ਸਨਮਾਨਾਂ ਤੇ ਸਮਾਜ ਭਲਾਈ ਸਕੀਮਾਂ ਦੇ ਨਾਂਵਾਂ ਨੂੰ ਤੁਰੰਤ ਬਦਲੇ ਜਾਣ ਦੀ ਮੰਗ ਕੀਤੀ ਹੈ।
ਸਾਬਕਾ ਮੰਤਰੀ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਮੰਗ ਕੀਤੀ ਹੈ ਕਿ 1984 ਸਿੱਖ ਕਤਲੇਆਮ ਕਰਵਾਉਣ ਵਾਲੇ ਇਸ ਪਰਿਵਾਰ ਦੇ ਨਾਂ ਜਨਤਕ ਥਾਵਾਂ ਦਾ ਸ਼ਿੰਗਾਰ ਬਣਾਉਣ ਨਾਲ ਦੇਸ਼ ਅੱਗੇ ਇੱਕ ਮਾੜੀ ਮਿਸਾਲ ਪੈਦਾ ਹੋ ਰਹੀ ਹੈ। ਮਜੀਠੀਆ ਨੇ ਕਿਹਾ ਕਿ ਸਾਰੇ ਹਵਾਈ ਅੱਡਿਆਂ, ਐਵਾਰਡਾਂ ਤੇ ਸਮਾਜਿਕ ਸਕੀਮਾਂ ਤੋਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਨਾਂ ਹਟਾ ਕੇ ਉਨ੍ਹਾਂ ਆਗੂਆਂ ਅਤੇ ਅਜ਼ਾਦੀ ਘੁਲਾਟੀਆਂ ਦੇ ਨਾਂ ਲਿਖਣੇ ਚਾਹੀਦੇ ਹਨ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰੀਆਂ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਗਾਂਧੀ ਪਰਿਵਾਰ ਦੇ ਹੱਕ ਵਿੱਚ ਦਿੱਤੇ ਬਿਆਨ 'ਤੇ ਵੀ ਮਜੀਠਿਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ 1984 ਕਤਲੇਆਮ ਬਾਰੇ ਆਪਣਾ ਸਟੈਂਡ ਬਦਲਣਾ ਅਤੇ ਦੋਸ਼ੀਆਂ ਨੂੰ ਕਲੀਨ ਚਿੱਟਾਂ ਦੇਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਰਤਨ ਉਨ੍ਹਾਂ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ, ਜਿਹੜੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦਿੰਦੇ ਹਨ ਤੇ ਮਿਸਾਲਯੋਗ ਕੰਮ ਕਰਦੇ ਹਨ ਪਰ ਰਾਜੀਵ ਗਾਂਧੀ ਇਸ ਦਾ ਹੱਕਦਾਰ ਨਹੀਂ ਹੈ।