ਬੇਰੁਜ਼ਗਾਰ ਅਧਿਆਪਕਾਂ 'ਤੇ ਚੱਲਿਆ ਪੰਜਾਬ ਪੁਲਿਸ ਦਾ ਡੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ 'ਤੇ ਲਾਇਆ ਮੰਗਾਂ ਨੂੰ ਅਣਦੇਖਿਆ ਕਰਨ ਦਾ ਇਲਜ਼ਾਮ....

Punjab police

ਚੰਡੀਗੜ੍ਹ : ਪੁਲਿਸ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਵਿਚ ਅਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਈਟੀਟੀ ਬੇਰੁਜ਼ਗਾਰ ਅਧਿਆਪਕਾਂ 'ਤੇ ਉਸ ਸਮੇਂ ਲਾਠੀਚਾਰਜ ਕਰ ਦਿਤਾ ਜਦੋਂ ਉਹ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਨ। ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਵਿਚ ਕਈ ਅਧਿਆਪਕ ਜ਼ਖ਼ਮੀ ਹੋ ਗਏ ਜਦਕਿ ਇਕ ਅਧਿਆਪਕ ਦੀ ਲੱਤ ਟੁੱਟਣ ਦੀ ਵੀ ਗੱਲ ਆਖੀ ਜਾ ਰਹੀ ਹੈ। ਇਸ ਦੌਰਾਨ ਜਦੋਂ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧ ਰਹੇ ਸਨ ਤਾਂ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਟਕਰਾਅ ਹੋ ਗਿਆ।

ਸਥਿਤੀ ਜ਼ਿਆਦਾ ਵਿਗੜਦੀ ਦੇਖ ਪੁਲਿਸ ਨੇ ਅਧਿਆਪਕਾਂ 'ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿਤਾ। ਜਿਸ ਵਿਚ ਕਈ ਅਧਿਆਪਕ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਸਾਰੇ ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਸਾਹਮਣੇ ਧਰਨਾ ਲਗਾ ਕੇ ਬੈਠ ਗਏ, ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਇਸ ਤੋਂ ਪਹਿਲਾਂ ਅਧਿਆਪਕਾਂ ਨੇ ਹਾਲ ਬਾਜ਼ਾਰ ਵਿਚ ਟੈਟ ਪਾਸ ਡਿਗਰੀਆਂ ਦੀ ਫੋਟੋ ਕਾਪੀਆਂ ਸਾੜੀਆਂ।

ਇਸ ਮੌਕੇ ਸਿੱਖਿਆ ਮੰਤਰੀ 'ਤੇ ਬੋਲਦਿਆਂ ਅਧਿਆਪਕਾਂ ਨੇ ਆਖਿਆ ਕਿ ਜਦੋਂ ਤਕ ਸਿੱਖਿਆ ਮੰਤਰੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੇ, ਉਦੋਂ ਤਕ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਉਹ ਕਈ ਵਾਰ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਵੀ ਕਰ ਚੁੱਕੇ ਹਲ ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲ ਸਕਿਆ। ਅਧਿਆਪਕਾਂ ਦੇ ਰੋਸ ਨੂੰ ਵੇਖਦੇ ਹੋਏ ਜਾਪਦਾ ਹੈ ਕਿ ਉਹ ਅਪਣੀਆਂ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਇਕਜੁਟ ਹਨ। ਜੇਕਰ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿਤਾ ਤਾਂ ਭਵਿੱਖ ਵਿਚ ਅਧਿਆਪਕਾਂ ਦਾ ਇਹ ਸੰਘਰਸ਼ ਹੋਰ ਤਿੱਖਾ ਰੂਪ ਲੈ ਸਕਦਾ ਹੈ ਜੋ ਸਰਕਾਰ ਨੂੰ ਲੋਕ ਸਭਾ ਚੋਣਾਂ ਵਿਚ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।