ਪਤਨੀ ਦੀ ਬਿਮਾਰੀ ਅੱਗੇ ਬੇਬੱਸ ਹੋਇਆ ਪਤੀ, ਰੇਹੜੀ 'ਤੇ ਪਹੁੰਚਾਇਆ ਹਸਪਤਾਲ

ਏਜੰਸੀ

ਖ਼ਬਰਾਂ, ਪੰਜਾਬ

ਇਥੋਂ ਦਾ ਰਹਿਣ ਵਾਲਾ ਗਰੀਬ ਸਬਜ਼ੀ ਵੇਚਣ ਵਾਲਾ ਰਾਜੂ ਸ਼ੁਕਲਾ ਆਪਣੀ...

Wife and Husband

ਹੁਸ਼ਿਆਰਪੁਰ: ਅਚਾਨਕ ਜੇ ਕਿਸੇ ਦੀ ਤਬੀਅਤ ਖ਼ਰਾਬ ਹੋ ਜਾਵੇ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਵੀ ਨਹੀਂ ਸੁੱਝਦਾ। ਉਨ੍ਹਾਂ ਦੀ ਇੱਕੋ ਤਰਜੀਹ ਬਸ ਮਰੀਜ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਸਪਤਾਲ ਪਹੁੰਚਾਉਣ ਦੀ ਹੁੰਦੀ ਹੈ। ਕੁਝ ਇਸੇ ਤਰ੍ਹਾਂ ਦੀ ਘਟਨਾ ਸ਼ੁੱਕਰਵਾਰ ਨੂੰ ਦੁਪਹਿਰ ਸਮੇਂ ਹੁਸ਼ਿਆਰਪੁਰ ਦੇ ਕੀਰਤੀ ਨਗਰ ਵਿਚ ਵਾਪਰੀ।

ਇਥੋਂ ਦਾ ਰਹਿਣ ਵਾਲਾ ਗਰੀਬ ਸਬਜ਼ੀ ਵੇਚਣ ਵਾਲਾ ਰਾਜੂ ਸ਼ੁਕਲਾ ਆਪਣੀ ਬੀਮਾਰ ਪਤਨੀ ਨੂੰ ਰੇਹੜੀ 'ਤੇ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਿਆ। ਲੋਕਾਂ ਦੇ ਪੁੱਛਣ 'ਤੇ ਕਿ ਉਸ ਨੇ ਅਜਿਹਾ ਕਿਉਂ ਕੀਤਾ? ਰਾਜੂ ਸ਼ੁਕਲਾ ਨੇ ਦੱਸਿਆ ਕਿ ਉਹ ਗਰੀਬ ਹੈ। ਉਸ ਲਈ ਤਾਂ ਉਸ ਦੀ ਰੇਹੜੀ ਹੀ ਐਂਬੂਲੈਂਸ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ। ਪਤਨੀ ਦੀ ਤਬੀਅਤ ਅਚਾਨਕ ਜ਼ਿਆਦਾ ਖ਼ਰਾਬ ਹੋ ਗਈ ਤਾਂ ਅਸੀਂ ਐਂਬੂਲੈਂਸ ਦਾ ਕਦੋਂ ਤੱਕ ਇੰਤਜ਼ਾਰ ਕਰਦੇ।

ਬਸ ਰੇਹੜੀ ਨੂੰ ਹੀ ਐਂਬੂਲੈਂਸ ਬਣਾ ਕੇ ਉਹ ਆਪਣੀ ਪਤਨੀ ਨੂੰ ਇਲਾਜ ਲਈ ਹਸਪਤਾਲ ਪਹੁੰਚ ਗਿਆ ਕਿਉਂਕਿ ਉਹ ਦਰਦ ਨਾਲ ਬੇਹਾਲ ਸੀ। ਇਸੇ ਲਈ ਉਸ ਦੀ ਪੀੜਾ ਨੂੰ ਸਮਝਦਿਆਂ ਆਪਣੇ ਸਬਜ਼ੀ ਦੇ ਕੰਮ ਲਈ ਵਰਤੀ ਜਾਂਦੀ ਰੇਹੜੀ ਹੀ ਉਸ ਲਈ ਐਂਬੂਲੈਂਸ ਬਣ ਗਈ। ਸਿਵਲ ਹਸਪਤਾਲ ਵਿਚ ਰਾਜੂ ਸ਼ੁਕਲਾ ਨੇ ਦੱਸਿਆ ਕਿ ਉਸ ਦੀ ਪਤਨੀ ਪੇਟ ਦਰਦ ਅਤੇ ਗੁਪਤ ਅੰਗ 'ਚੋਂ ਖੂਨ ਵਗਣ ਕਾਰਨ ਪ੍ਰੇਸ਼ਾਨ ਸੀ।

ਬਾਹਰੋਂ ਦਵਾਈ ਖਾ ਕੇ ਜਦੋਂ ਉਹ ਠੀਕ ਨਾ ਹੋਈ ਤਾਂ ਉਹ ਉਸ ਨੂੰ ਲੈ ਕੇ ਨਿੱਜੀ ਹਸਪਤਾਲ ਪੁੱਜੇ, ਜਿੱਥੇ ਸਾਨੂੰ ਦੱਸਿਆ ਗਿਆ ਕਿ ਉਸ ਨੂੰ ਬੱਚੇਦਾਨੀ ਦੀ ਸਮੱਸਿਆ ਹੈ, ਜਿਸ ਦਾ ਆਪ੍ਰੇਸ਼ਨ ਕਰਨਾ ਹੋਵੇਗਾ। ਇਹ ਸੁਣ ਕੇ ਉਹ ਘਬਰਾ ਗਿਆ ਅਤੇ ਜਲਦਬਾਜ਼ੀ 'ਚ ਉਸ ਨੂੰ ਆਪਣੀ ਰੇਹੜੀ 'ਤੇ ਹੀ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਪੁੱਜ ਗਿਆ ਹੈ।

ਐਂਬੂਲੈਂਸ ਨੂੰ ਫੋਨ ਕਰਨ 'ਤੇ ਉਸ ਦੇ ਦੇਰ ਕਰਨ ਦੇ ਡਰ ਕਾਰਨ ਉਸ ਨੇ ਪਤਨੀ ਨੂੰ ਰੇਹੜੀ 'ਤੇ ਲਿਜਾਣਾ ਹੀ ਬਿਹਤਰ ਸਮਝਿਆ। ਉਸ ਦੇ ਦਿਮਾਗ 'ਚ ਉਸ ਸਮੇਂ ਸਿਰਫ ਇਹੀ ਵਿਚਾਰ ਸੀ ਕਿ ਉਹ ਬਸ ਕਿਸੇ ਤਰ੍ਹਾਂ ਪਤਨੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।