ਐਸਟੀਐਫ ਵੱਲੋਂ 320 ਗ੍ਰਾਮ ਹੈਰੋਇਨ ਤੇ 2 ਪਿਸਤੌਲ ਸਣੇ ਤਿੰਨ ਅੰਤਰਰਾਸ਼ਟਰੀ ਤਸਕਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਪਤ ਸੂਚਨਾ ਦੇ ਅਧਾਰ ’ਤੇ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

STF nabs three international smugglers

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਅੰਮ੍ਰਿਤਸਰ ਵਿਚ ਐਸਟੀਐਫ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਤਿੰਨ ਅੰਤਰਰਾਸ਼ਟਰੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਕੋਲੋਂ 320 ਗ੍ਰਾਮ ਹੈਰੋਇਨ ਅਤੇ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਐਸਟੀਐਫ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਐਸਟੀਐਫ ਆਈਜੀ ਨਿਰਮਲ ਜੀਤ ਸਿੰਘ ਸਹੋਤਾ ਅਨੁਸਾਰ ਬੀਤੇ ਦਿਨ ਗੁਪਤ ਸੂਚਨਾ ਦੇ ਅਧਾਰ 'ਤੇ ਮਜੀਠਾ ਰੋਡ 'ਤੇ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ 320 ਗ੍ਰਾਮ ਹੈਰੋਇਨ ਅਤੇ 2 ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ।

ਇਹਨਾਂ ਦੀ ਪਛਾਣ ਸ਼ਮਸ਼ੇਰ ਸਿੰਘ (ਗੁਰਦਾਸਪੁਰ) ਅਤੇ ਨੀਰਜ ਕੁਮਾਰ (ਅੰਮ੍ਰਿਤਸਰ) ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹਨਾਂ ਨੌਜਵਾਨਾਂ ਖਿਲਾਫ਼ ਪਹਿਲਾਂ ਵੀ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਹਨ। ਸ਼ਮਸ਼ੇਰ ਸਿੰਘ ਖਿਲਾਫ਼ ਕਰੀਬ 9 ਜਦਕਿ ਨੀਰਜ ਕੁਮਾਰ ਖਿਲਾਫ਼ 3 ਮਾਮਲੇ ਦਰਜ ਹਨ।

ਉਹਨਾਂ ਦੱਸਿਆ ਕਿ ਐਸਟੀਐਫ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਕਰੀਬ 8 ਕਿੱਲੋ 245 ਗ੍ਰਾਮ ਹੈਰੋਇਨ ਅਤੇ 6 ਪਿਸਤੌਲ ਬਰਾਮਦ ਕੀਤੇ ਹਨ। ਇਸ ਦੌਰਾਨ 25 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕੁੱਲ 9 ਮਾਮਲੇ ਦਰਜ ਕੀਤੇ ਗਏ ਹਨ।  ਆਈਜੀ ਨਿਰਮਲ ਜੀਤ ਸਿੰਘ ਸਹੋਤਾ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਲੋਕਾਂ ਦੇ ਫੜੇ ਜਾਣ ਦੀ ਸੰਭਾਵਨਾ ਹੈ।