ਰਾਜਪਾਲ ਵਲੋਂ 'ਤੰਦਰੁਸਤ ਪੰਜਾਬ' ਸਿਰਜਣ ਲਈ ਵੱਖ-ਵੱਖ ਵਰਗਾਂ ਨੂੰ ਸਾਂਝੇ ਮੰਚ ’ਤੇ ਆਉਣ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ 30,000 ਵਿਦਿਆਰਥੀਆਂ ਨੇ 'ਡਰੱਗਜ਼ ਨਾ ਕਰੂੰਗਾ, ਨਾ ਕਰਨੇ ਦੂੰਗਾ' ਦਾ ਨਾਅਰਾ ਲਾਉਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ

V.P. Singh Badnore

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸੂਬੇ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਹੋਰ ਵਿਦਿਅਕ ਸੰਸਥਾਵਾਂ, ਐਨ.ਜੀ.ਓਜ਼, ਇੱਛੁਕ ਸੰਸਥਾਵਾਂ ਅਤੇ ਮਾਪਿਆਂ ਨੂੰ ਸੱਦਾ ਦਿੰਦਿਆਂ ਨਸ਼ਾ ਮੁਕਤ ਤੇ ਤੰਦਰੁਸਤ ਪੰਜਾਬ ਸਿਰਜਣ ਲਈ ਪੰਜਾਬ ਸਰਕਾਰ ਨਾਲ ਸਾਂਝੇ ਮੰਚ ’ਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ। ਵੱਡੇ ਪੱਧਰ ’ਤੇ ਮਨਾਏ ਜਾ ਰਹੇ ਨਸ਼ਾਖੋਰੀ ਤੇ ਗੈਰ-ਕਾਨੂੰਨੀ ਤਸਕਰੀ ਵਿਰੁਧ ਕੌਮਾਂਤਰੀ ਦਿਵਸ ਦੀ ਪੂਰਵ ਸੰਧਿਆ ਮੌਕੇ ਰਾਜਪਾਲ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਨੂੰ ਮਿਸ਼ਨ ਵਜੋਂ ਲਿਆ ਗਿਆ ਹੈ

ਜੋ ਅਪਣੀ ਕਿਸਮ ਦੀ ਸਭ ਤੋਂ ਵੱਡੀ ਮੁਹਿੰਮ ਹੈ ਜਿਸ ਵਿਚ ਤਕਰੀਬਨ 30,000 ਵਿਦਿਆਰਥੀਆਂ ਨੇ 'ਡਰੱਗਜ਼ ਨਾ ਕਰੂੰਗਾ, ਨਾ ਕਰਨੇ ਦੂੰਗਾ' ਦਾ ਨਾਅਰਾ ਲਾਉਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ। ਰਾਜਪਾਲ ਨੇ ਦੱਸਿਆ ਕਿ ਉਹਨਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਨਸ਼ਿਆਂ ਵਿਰੁਧ ਹੋਏ ਸੈਮੀਨਾਰਾਂ ਦੀ ਪ੍ਰਧਾਨਗੀ ਕੀਤੀ ਹੈ ਜਿੱਥੇ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਨੌਜਵਾਨਾਂ ਵਿਚ ਨਸ਼ਿਆਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁਧ ਜਾਗਰੂਕਤਾ ਲਈ ਸਰਕਾਰ ਦਾ ਸਾਥ ਦੇਣ ਦੀ ਇੱਛਾ ਪ੍ਰਗਟਾਈ। 

ਰਾਜਪਾਲ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪਣੇ ਪਾਰਟੀ ਹਿੱਤਾਂ ਤੋਂ ਉੱਪਰ ਉਠ ਕੇ ਸਾਂਝੇ ਮੰਚ 'ਤੇ ਅੱਗੇ ਆ ਕੇ ਸਮਾਜ ਵਿਚੋਂ ਨਸ਼ਿਆਂ ਨੂੰ ਉਖਾੜਨ ਦਾ ਮੁੱਦਾ ਜ਼ੋਰ ਨਾਲ ਉਠਾਉਣ ਦਾ ਸੱਦਾ ਦਿਤਾ। ਉਹਨਾਂ ਕਿਹਾ ਕਿ ਇਸ ਸਬੰਧੀ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਆਵਾਜ਼ ਉਠਾਉਣ ਲਈ ਖ਼ੁਦ ਸੂਬੇ ਦੇ ਹਰੇਕ ਕੋਨੇ ਵਿਚ ਜਾਣਗੇ। ਉਹਨਾਂ ਕਿਹਾ, “ਨਸ਼ਿਆਂ ਦੀ ਇਸ ਲਾਹਨਤ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਸਮਾਜ ਦੇ ਹਰੇਕ ਵਰਗ ਦੀ ਸਹਾਇਤਾ ਦੀ ਲੋੜ ਹੈ।”

ਰਾਜਪਾਲ ਨੇ ਕਿਹਾ, “ਨਸ਼ਾ ਤਸਕਰੀ ਰਾਸ਼ਟਰ ਦੀ ਸੁਰੱਖਿਆ ਲਈ ਇੱਕ ਵੱਡਾ ਖਤਰਾ ਹੈ।” ਸਰਕਾਰ ਵਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਨਸ਼ਿਆਂ ਤੇ ਗੈਰ-ਕਾਨੂੰਨੀ ਤਸਕਰੀ ਦੇ ਮੁੱਦੇ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਬਦਨੌਰ ਨੇ ਕਿਹਾ ਕਿ ਸਬੰਧਤ ਵਿਭਾਗਾਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਪ੍ਰੋਗਰਾਮ ਦੇ ਮਿਸ਼ਨ ਵਜੋਂ ਲਾਗੂਕਰਨ, ਕੋਆਰਡੀਨੇਟ ਅਤੇ ਮੋਨੀਟਰ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਸੂਬੇ ਵਿਚ ਨਸ਼ੇ ਦੇ ਆਦੀਆਂ ਦੇ ਇਲਾਜ ਅਤੇ ਮੁੜ ਵਸੇਬੇ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਸਨਮਾਨ ਨਾਲ ਆਮ ਜ਼ਿੰਦਗੀ ਜਿਉਣ ਦੇ ਯੋਗ ਬਣਾਇਆ ਜਾ ਸਕੇ।

ਉਨ੍ਹਾਂ ਮੁੜ ਵਸੇਬੇ ਤੋਂ ਬਾਅਦ ਦੇ ਪੜਾਅ ਦੌਰਾਨ ਨਸ਼ੇ ਦੇ ਆਦੀਆਂ ਪ੍ਰਤੀ ਸੰਭਾਲ ਅਤੇ ਸਾਵਧਾਨੀ ’ਤੇ ਅਧਾਰਿਤ ਪਹੁੰਚ ਅਪਣਾਉਣ ’ਤੇ ਜ਼ੋਰ ਦਿਤਾ। ਸਹੀ ਰਸਤਾ ਅਪਣਾਉਣ ਵਾਲੇ ਨੌਜਵਾਨਾਂ ਲਈ ਰੋਜ਼ਗਾਰ ਦੇ ਚੋਖੇ ਮੌਕੇ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਹੁਨਰ ਵਿਕਾਸ ਸਬੰਧੀ ਸਿਖਲਾਈ ਦਿਤੀ ਜਾਣੀ ਚਾਹੀਦੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਕੁਲਪਤੀ ਵਜੋਂ ਬਦਨੌਰ ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਨਸ਼ਾਖੋਰੀ ਵਿਰੁਧ ਜਾਗਰੂਕਤਾ ਲਈ ਸੰਦੇਸ਼ ਫੈਲਾਉਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਢੁਕਵੇਂ ਕਦਮ ਉਠਾਉਣ ਦੀ ਅਪੀਲ ਕੀਤੀ।

ਇਸ ਦਿਸ਼ਾ ਵੱਲ ਕੇਂਦਰ ਸਰਕਾਰ ਦੀ ਪਹਿਲਕਦਮੀ ਦਾ ਹਵਾਲਾ ਦਿੰਦਿਆਂ, ਬਦਨੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਦੇਸ਼ ਭਰ ਵਿਚ ਨਸ਼ਾ ਤਸਕਰੀ ਦੇ ਧੰਦੇ ਨੂੰ ਨੱਥ ਪਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਬਦਨੌਰ ਨੇ ਉੱਚੀ ਆਵਾਜ਼ ਅਤੇ ਸਪੱਸ਼ਟ ਸ਼ਬਦਾਂ ਵਿਚ ਦੱਸਿਆ ਕਿ ਸਰਕਾਰ ਵਲੋਂ ਨਸ਼ਾ ਤਸਕਰੀ ਦੇ ਡੂੰਘੇ ਨੈੱਟਵਰਕ ਦੀ ਸਮੱਸਿਆ ਨਾਲ ਸਖ਼ਤੀ ਨਾਲ ਨਿਪਟਣ ਲਈ ਠੋਸ ਅਤੇ ਵਿਆਪਕ ਯੋਜਨਾ ਉਲੀਕੀ ਗਈ ਹੈ।