ਕਾਂਗਰਸੀ ਕੌਂਸਲਰ ਦੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਤੋਂ ਕਾਂਗਰਸੀ ਕੌਂਸਲਰ ਦੇ ਪਤੀ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਤੋਂ ਕਾਂਗਰਸੀ ਕੌਂਸਲਰ ਦੇ ਪਤੀ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਕਸਬੇ ਜੰਡਿਆਲਾ ਗੁਰੂ ਵਿਚ ਸ਼ੁੱਕਰਵਾਰ ਦੇਰ ਰਾਤ ਕਾਂਗਰਸੀ ਲੀਡਰ ਦਾ ਕਤਲ ਹੋ ਗਿਆ ਹੈ। ਦੱਸ ਦਈਏ ਕਿ ਦੇਰ ਰਾਤ ਦੋ ਗੁੱਟਾਂ ਵਿਚਕਾਰ ਵੱਡਾ ਝਗੜਾ ਹੋ ਗਿਆ, ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ, ਜੋ 6 ਨੰਬਰ ਵਾਰਡ ਤੋਂ ਕੌਂਸਲਰ ਕੰਵਲਜੀਤ ਕੌਰ ਦਾ ਪਤੀ ਸੀ। ਮ੍ਰਿਤਕ ਦੇ ਸ਼ਰੀਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਲੜਨ ਵਾਲੇ ਦੋਵੇਂ ਧੜੇ ਕਾਂਗਰਸੀ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਪਤਨੀ ਕੌਂਸਲਰ ਕੰਵਲਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਵਿਚਕਾਰ ਮਾਮੂਲੀ ਝਗੜਾ ਹੋਇਆ ਸੀ ਪਰ ਇਹ ਲੜਾਈ ਕਾਫੀ ਵੱਧ ਗਈ। ਜਿਸ ਕਰਕੇ ਦੇਰ ਰਾਤ ਦੂਜੇ ਗੁੱਟ ਨੇ ਕੁਲਵਿੰਦਰ ਸਿੰਘ 'ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਡੀਐਸਪੀ, ਦਿਹਾਤੀ ਗੁਰਮੀਤ ਸਿੰਘ ਚੀਮਾ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ 10 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਗ੍ਹਾ ਜਗ੍ਹਾ ਛਾਪੇਮਾਰੀ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਜੂਨ ਮਹੀਨੇ ਦੌਰਾਨ ਅੰਮ੍ਰਿਤਸਰ ਦੇ ਕੌਂਸਲਰ ਗੁਰਦੀਪ ਪਹਿਲਵਾਨ ਦਾ ਵੀ ਕਤਲ ਹੋ ਗਿਆ ਸੀ। ਦੱਸ ਦਈਏ ਕਿ ਗੁਰਦੀਪ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਕਾਫੀ ਕਰੀਬ ਮੰਨਿਆ ਜਾਂਦਾ ਸੀ ਤੇ ਇਸ ਵਾਰਦਾਤ ਸਬੰਧੀ ਪੁਲਿਸ ਜੱਗੂ ਭਗਵਾਨਪੁਰੀਆ ਗੈਂਗ ਤੋਂ ਪੁੱਛਗਿੱਛ ਕਰ ਰਹੀ ਹੈ। ਕੁਲਵਿੰਦਰ ਸਿੰਘ ਕਤਲ ਦੇ ਦੋਸ਼ੀ ਫਿਲਹਾਲ ਪੁਲਿਸ ਦੀ ਪਕੜ ਤੋਂ ਬਾਹਰ ਹਨ ਪਰ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।