54 ਸਾਲਾਂ 'ਚ 42 ਤੋਂ ਘੱਟ ਕੇ 12 ਤਕ ਸਿਮਟੀ ਪੰਜਾਬ ਵਿਧਾਨ ਸਭਾ ਦੀਆਂ ਬੈਠਕਾਂ ਦੀ ਸਾਲਾਨਾ ਗਿਣਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਦੀ ਔਸਤ 25, ਹਿਮਾਚਲ 30, ਰਾਜਸਥਾਨ 35 ਬੈਠਕਾਂ

Punjab Vidhan Sabha

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ 28 ਅਗੱਸਤ ਸ਼ੁਕਰਵਾਰ ਨੂੰ ਕੇਵਲ ਇਕ ਦਿਨ ਲਈ ਬੁਲਾਇਆ ਸੈਸ਼ਨ ਵਿਰੋਧੀ ਧਿਰਾਂ ਅਤੇ ਹੋਰ ਸਿਆਸੀ ਮਾਹਰਾਂ ਦੀ ਆਲੋਚਨਾ ਦਾ ਕੇਂਦਰ ਬਿੰਦੂ ਬਣ ਗਿਆ ਹੈ ਕਦੋਂ ਕਿ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਨੇ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੀ ਮਿਸਾਲ ਦਿੰਦਿਆਂ ਕਿਹਾ ਹੈ ਕਿ ਪਿਛਲੇ ਇਜਲਾਸ ਤੋਂ ਇਸ ਇਜਲਾਸ ਦੇ ਸ਼ੁਰੂ ਹੋਣ ਤਕ 6 ਮਹੀਨੇ ਦੇ ਪਾੜੇ ਨੂੰ ਭਰਨ ਦੀ ਸੰਵਿਧਾਨਕ ਜ਼ਰੂਰਤ ਕਰ ਕੇ ਹੀ ਇਹ ਕਰਨਾ ਪਿਆ ਹੈ। ਰੋਜ਼ਾਨਾ ਸਪੋਕਸਮੈਨ ਵਲੋਂ, 1966 ਤੋਂ ਹੁਣ ਤਕ ਦੇ ਵਿਧਾਨ ਸਭਾ ਰਿਕਾਰਡ ਫੋਲਣ 'ਤੇ ਪਤਾ ਲੱਗਾ ਹੈ ਕਿ 54 ਸਾਲ ਦੇ ਇਤਿਹਾਸ ਵਿਚ, 1967 ਦੌਰਾਨ ਸੱਭ ਤੋਂ ਵੱਧ 42 ਬੈਠਕਾਂ ਹੋਈਆਂ ਜਿਸ ਵਿਚ ਬਜਟ ਸੈਸ਼ਨ 20 ਮਾਰਚ ਤੋਂ ਸ਼ੁਰੂ ਹੋ ਕੇ 25 ਮਈ ਤਕ ਚਲਿਆ ਅਤੇ 29 ਬੈਠਕਾਂ ਹੋਈਆਂ ਜਦੋਂ ਕਿ ਨਵੰਬਰ 22 ਤੋਂ 19 ਦਸਬਰ ਤਕ ਚਲੇ ਦੂਜੇ ਇਜਲਾਸ ਵਿਚ 13 ਬੈਠਕਾਂ ਹੋਈਆਂ।

ਕਾਰਨ ਕੋਈ ਵੀ ਹੋਵੇ, ਮੌਜੂਦਾ 15ਵੀਂ ਵਿਧਾਨ ਸਭਾ ਦੇ ਇਸ ਸਾਲ ਵਿਚ ਸੱਭ ਤੋਂ ਘਟ 12 ਬੈਠਕਾਂ ਦਾ ਇਕ ਨਵਾਂ ਰਿਕਾਰਡ ਬਣੇਗਾ ਕਿਉਂਕਿ 16 ਜਨਵਰੀ ਨੂੰ ਰਾਜਪਾਲ ਦੇ ਪਾਸ਼ਨ ਉਪਰੰਤ 17 ਜਨਵਰੀ ਨੂੰ ਵਿਧਾਨ ਸਭਾ ਦੀ 1 ਬੈਠਕ ਹੋਈ, ਮਗਰੋਂ ਬਜਟ ਸੈਸ਼ਨ ਵਿਚ ਸੱਭ ਤੋਂ ਘਟ 9 ਬੈਠਕਾਂ ਹੋਈਆਂ ਅਤੇ ਅਗਲੇ ਹਫ਼ਤੇ, 28 ਅਗੱਸਤ ਨੂੰ ਇਕ ਦਿਨਾ ਸੈਸ਼ਨ ਦੌਰਾਨ ਕੇਵਲ ਖਾਨਾ ਪੂਰਤੀ ਲਈ 2 ਬੈਠਕਾਂ ਹੋ ਰਹੀਆਂ ਹਨ। ਕੁਲ ਮਿਲਾ ਕੇ ਇਹ ਜੋੜ 12 ਬੈਠਕਾਂ ਦਾ ਹੋਵੇਗਾ। ਜ਼ਿਕਰਯੋਗ ਹੈ ਕਿ ਮੌਜੂਦਾ 15ਵੀਂ ਵਿਧਾਨ ਸਭਾ ਜਿਸ ਵਿਚ ਕਾਂਗਰਸ ਸਰਕਾਰ ਨੂੰ ਦੋ ਤਿਹਾਈ ਤੋਂ ਵੀ ਵੱਧ ਬਹੁਮਤ ਪ੍ਰਾਪਤ ਹੈ ਨੇ ਪਹਿਲੇ ਸਾਲ 2017 ਵਿਚ 3 ਸੈਸ਼ਨਾਂ ਵਿਚ ਕੇਵਲ 14 ਬੈਠਕਾਂ, ਦੂਜੇ ਸਾਲ 2018 ਵਿਚ ਵੀ 14 ਬੈਠਕਾਂ, ਪਿਛਲੇ ਸਾਲ 2019 ਵਿਚ ਕੁਲ 15 ਬੈਠਕਾਂ ਅਤੇ ਹੁਣ 2020 ਵਿਚ ਹੋਰ ਘਟ ਕੇ ਸਿਰਫ 12 ਬੈਠਕਾਂ ਵਿਚ ਕੰਮ ਨਿਬੇੜ ਦੇਣਾ ਹੈ।

ਵਿਧਾਨ ਸਭਾ ਰਿਕਾਰਡ ਮੁਤਾਬਕ 5ਵੀਂ ਵਿਧਾਨ ਸਭਾ ਨੇ ਮਾਰਚ 69 ਤੋਂ ਜੂਨ 71 ਵਿਚ ਭੰਗ ਹੋਣ ਤਕ 2 ਸਾਲਾਂ ਵਿਚ ਹੀ 42+27+11 ਕੁਲ 80 ਬੈਠਕਾਂ ਕੀਤੀਆਂ ਜਦੋਂ ਕਿ 6ਵੀਂ ਵਿਧਾਨ ਸਭਾ ਮੌਕੇ ਮਾਰਚ 72 ਤੋਂ ਅਪ੍ਰੈਲ 77 ਤਕ 5 ਸਾਲਾਂ ਵਿਚ ਕੁਲ 135 ਬੈਠਕਾਂ ਕੀਤੀਆਂ ਗਈਆਂ। ਸਿਆਸੀ ਪਾਰਟੀ ਕਾਂਗਰਸ, ਅਕਾਲੀ-ਭਾਜਪਾ ਕੋਈ ਵੀ ਹੋਵੇ, ਸੂਬੇ ਜਾਂ ਕੇਂਦਰ ਵਿਚ ਕਿਸੇ ਵੀ ਪਾਰਟੀ ਜਾਂ ਗਠਜੋੜ ਦੀ ਸਰਕਾਰ ਹੋਵੇ ਤਾਂ ਸਮੇਂ ਸਮੇਂ ਮੁਤਾਬਕ ਸੱਤਾਧਾਰੀ ਜਾਂ ਵਿਰੋਧੀ ਧਿਰ ਦਾ ਕਿਸੇ ਵੀ ਹੈਸੀਅਤ ਵਿਚ ਹੋਵੇ, ਉਸ ਦਾ ਨਜ਼ਰੀਆ ਬਦਲ ਜਾਂਦਾ ਹੈ। ਅਕਾਲੀ ਭਾਜਪਾ ਦੀ ਪਿਛਲੀ ਸਰਕਾਰ ਵੇਲੇ ਸੁਨੀਲ ਜਾਖੜ ਦੀ ਅਗਵਾਈ ਵਿਚ ਕਾਂਗਰਸੀ ਵਿਧਾਇਕਾਂ ਨੇ ਲੰਮੇ ਸੈਸ਼ਨ ਦੀ ਮੰਗ ਅਤੇ ਭਖਵੇਂ ਮੁਦਿਆਂ 'ਤੇ ਬਹਿਸ ਕਰਵਾਉਣ ਲਈ ਹਾਊਸ ਦੇ ਅੰਦਰ ਹੀ ਰਾਤ, ਧਰਨੇ ਵਿਚ ਗੁਜ਼ਾਰੀ, ਲਗਾਤਾਰ ਹਫ਼ਤਾ ਭਰ ਬਾਹਰ ਸਮਾਨੰਤਰ ਇਜਲਾਸ ਲਾਇਆ। ਇਹੀ ਪਾਰਟੀ ਹੁਣ ਸੱਤਾ 'ਚ ਰਹਿੰਦੀਆਂ, ਮਹਿਜ ਕੁਝ ਘੰਟਿਆਂ ਦੇ ਇਜਲਾਸ ਨੂੰ ਸਹੀ ਠਹਿਰਾਅ ਰਹੀ ਹੈ।

ਗੁਆਂਢੀ ਸੂਬੇ ਹਰਿਆਣਾ ਦੀ 25 ਬੈਠਕਾਂ ਸਾਲਾਨਾ ਦੀ ਔਸਤ ਹੈ, ਹਿਮਾਚਲ ਵਿਚ 30 ਬੈਠਕਾਂ ਹੁੰਦੀਆਂ ਹਨ ਜਦੋਂਕਿ ਰਾਜਸਥਾਨ ਵਿਧਾਨ ਸਭਾ ਸਾਲ ਵਿਚ ਔਸਤਨ 35 ਬੈਠਕਾਂ ਕਰਦੀ ਹੈ। ਪੰਜਾਬ ਵਿਚ 12 ਬੈਠਕਾਂ ਦੀ ਔਸਤ ਨਾਲ ਅੰਕੜੇ ਦਸਦੇ ਹਨ ਕਿ ਕੁਲ 117 ਵਿਧਾਇਕ ਸਾਲ ਵਿਚ ਮਸਾਂ 36 ਘੰਟੇ ਕੰਮ ਕਰਦੇ ਹਨ। ਇਕ ਬੈਠਕ ਦਾ ਸਮਾਂ ਸਾਡੇ 4 ਘੰਟੇ ਨਿਰਧਾਰਤ ਹੈ ਪਰ ਸ਼ਰਧਾਂਜਲੀਆਂ ਦੇਣ ਸਮੇਂ ਕੇਵਲ 15 ਮਿੰਟਾਂ ਵਿਚ ਨਿਪਟਾਰਾ ਕਰ ਦਿਤਾ ਜਾਂਦਾ ਹੈ। ਇਸ ਤੋਂ ਇਲਾਵਾ ਰੌਲਾ ਰੱਪਾ, ਘੜਮਸ, ਤੋਹਮਤਬਾਜ਼ੀ, ਵਾਕ ਆਊਟ, ਨਾਹਰੇਬਾਜ਼ੀ, ਸਪੀਕਰ ਦੇ ਸਾਹਮਣੇ ਧਰਨੇ ਦੇਣੇ, ਸੁਰੱਖਿਆ ਗਾਰਡਾਂ ਨਾਲ ਉਲਝਣ ਦਾ ਵਕਤ ਜੋ ਮਨਫ਼ੀ ਕਰ ਦੇਈਏ ਤਾਂ ਇਕ ਬੈਠਕ ਵਿਚ ਸਹੀ ਕੰਮ ਕਰਨ ਦਾ ਵਕਤ ਕੇਵਲ 3 ਘੰਟੇ ਨਿਕਲਦਾ ਹੈ।

ਅੰਕੜਾ ਮਾਹਰਾਂ ਦਾ ਮੰਨਣਾ ਹੈ ਕਿ ਸਾਲ ਦੇ ਕੁਲ 8766 ਘੰਟਿਆਂ ਵਿਚੋਂ ਪੰਜਾਬ ਦਾ ਵਿਧਾਇਕ ਔਸਤਨ 12 ਬੈਠਕਾਂ ਵਿਚ ਹਾਜ਼ਰੀ ਭਰ ਕੇ ਸਿਰਫ਼ 36 ਘੰਟੇ ਸਾਲਾਨਾ ਕੰਮ ਕਰਦਾ ਹੈ ਜਦੋਂ ਕਿ ਸਾਲ ਵਿਚ ਉਸ ਦੀ ਤਨਖ਼ਾਹ ਭੱਤੇ ਸਫ਼ਰ ਕਰਨ ਦਾ ਈ.ਏ. ਡੀ.ਏ. ਹੋਰ ਸਹੂਲਤਾਂ ਮਿਲਾ ਕੇ 50 ਲੱਖ ਤੋਂ ਵੱਧ ਦੀ ਕਮਾਈ ਕਰਦਾ ਹੈ। ਇਕ ਲੋਕ ਨੁਮਾਇੰਦਾ, ਜਨਤਕ ਮਾਮਲਿਆਂ ਦੀ ਚਰਚਾ ਕਰਨ ਦੇ ਬਹਾਨੇ 5 ਸਾਲਾਂ ਵਿਚ 2.5 ਕਰੋੜ ਦੀ ਕਮਾਈ ਤੋਂ ਇਲਾਵਾ ਸਾਰੀ ਉਮਰ ਲਈ ਇਕ ਟਰਮ ਦੀ 70000 ਰੁਪਏ ਦੀ ਪੈਨਸ਼ਨ ਦਾ ਹੱਕਦਾਰ ਵੀ ਬਣ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।