‘MeToo’ ‘ਚ ਘਿਰੇ ਪੰਜਾਬ ਕੈਬਨਿਟ ਮੰਤਰੀ ਬਰਖ਼ਾਸਤ ਹੋ ਸਕਦੇ ਹਨ ਜਾਂ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕੈਬਨਿਟ ਮੰਤਰੀ ‘ਤੇ ਇਕ ਮਹਿਲਾ ਅਫ਼ਸਰ ਵੱਲੋਂ ਲਗਾਏ ਹਰਾਸ਼ਮੈਂਟ ਦੇ ਦੋਸ਼ਾਂ ਨਾਲ ਪੰਜਾਬ ਦੀ ਸਿਆਸਤ ਇਕ ਵਾਰ ਫਿਰ...

MeToo

ਚੰਡੀਗੜ੍ਹ (ਪੀਟੀਆਈ) : ਪੰਜਾਬ ਕੈਬਨਿਟ ਮੰਤਰੀ ‘ਤੇ ਇਕ ਮਹਿਲਾ ਅਫ਼ਸਰ ਵੱਲੋਂ ਲਗਾਏ ਹਰਾਸ਼ਮੈਂਟ ਦੇ ਦੋਸ਼ਾਂ ਨਾਲ ਪੰਜਾਬ ਦੀ ਸਿਆਸਤ ਇਕ ਵਾਰ ਫਿਰ ਤੋਂ ਗਰਮ ਹੋ ਗਈ ਹੈ। ਪਹਿਲਾਂ ਇਸ ਖ਼ਬਰ ਦੀ ਕੋਈ ਪੁਸ਼ਟੀ ਨਹੀਂ ਸੀ ਕਿ ਵਾਕਿਆ ਹੀ ਪੰਜਾਬ ਕੈਬਿਨੇਟ ਦੇ ਕਿਸੇ ਮੰਤਰੀ ਵੱਲੋਂ ਅਜਿਹੀ ਹਰਕਤ ਨੂੰ ਅੰਜ਼ਾਮ ਦਿਤੇ ਜਾ ਚੁੱਕੇ। ਪਰ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਜ਼ਰਾਈਲ ਤੋਂ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਇਸ ਗਢੱਲ ‘ਤੇ ਮੋਹਰ ਲਗਾ ਦਿਤੀ ਕਿ ਵਾਕਿਆ ਹੀ ਅਜਿਹੀ ਘਟਨਾ ਉਹਨਾਂ ਦੀ ਕੈਬਿਨੇਟ ‘ਚ ਵਾਪਰੀ ਹੈ ਅਤੇ ਜਿਸ ਦਾ ਉਨ੍ਹਾਂ ਵੱਲੋਂ ਮਾਮਲਾ ਸੁਲਝਾ ਦਿਤਾ ਗਿਆ ਸੀ।

ਹਾਲਾਂਕਿ ਇਕ ਅੰਗ੍ਰੇਜ਼ੀ ਅਖ਼ਬਰ ‘ਚ ਛਪੀ ਰਿਪੋਰਟ ਮੁਤਾਬਿਕ ਉਸ ਮੰਤਰੀ ਨੇ ਬਿਆਨ ਦਿਤਾ ਹੈ ਕਿ ਉਸ ‘ਤੇ ਕਿਸੇ ਨੇ ਵੀ ਕੋਈ ਅਜਿਹੇ ਦੋਸ਼ ਨਹੀਂ ਲਗਾਏ ਤੇ ਨਾ ਹੀ ਕੋਈ ਅਜਿਹੀ ਘਟਨਾ ਹੋਈ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ। ਕਾਂਗਰਸ ਵਿਰੋਧੀ ਪਾਰਟੀਆਂ ਵੱਲੋਂ ਕੈਪਟਨ ਦੀ ਵਜ਼ਾਰਤ ਦੇ ਮੰਤਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਗਿਆ ਹੈ ਅਤੇ ਉਸ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਵੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਬੀਤੇ ਦਿਨ ਅਕਾਲੀ ਦਲ ਵੱਲੋਂ ਉਸ ਮੰਤਰੀ ਦਾ ਮਾਨ ਨਸ਼ਰ ਕਰਨ ਦੀ ਵੀ ਗੱਲ ਆਖੀ ਗਈ ਸੀ।

ਪਰ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਗ੍ਰੇਜ਼ੀ ਅਖ਼ਬਾਰ ਦੀ ਕਟਿੰਗ ਨਾਲ ਟਵੀਟ ਕਰ ਕੇ ਪੰਜਾਬ ਕੈਬਿਨੇਟ ਮੰਤਰੀ ਚਰਨਜੀਤ ਚੰਨੀ ਨੂੰ ਤੁਰੰਤ ਕੈਬਿਨੇਟ ‘ਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ ਹੈ। ਇਲਹਾਲ ਕਾਂਗਰਸ ਵਲੋਂ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਕਿ ਉਹ ਮੰਤਰੀ ਕੌਣ ਹੈ? ਅਤੇ ਇਸ ਸਾਰੀ ਘਟਨਾ ਪਿੱਛੇ ਸਚਾਈ ਕੀ ਹੈ ਅਤੇ ਨਾ ਹੀ ਕਿਸੇ ਹੋਰ ਮੰਤਰੀ ਜਾਂ ਪੀੜਤ ਦਾ ਕੋਈ ਵੀ ਬਿਆਨ ਸਾਹਮਣੇ ਆਇਆ ਹੈ। ਪਰ ਸੁਖਬੀਰ ਸਿੰਘ ਬਾਦਲ ਵੱਲੋਂ ਚੰਨੀ ਦਾ ਨਾਮ ਲਿਆ ਜਾਣਾ ਇੱਕ ਵਾਰ ਫਿਰ ਕਾਂਗਰਸ ਅੰਦਰ ਭੂਚਾਲ ਲੈ ਕਿ ਆਇਆ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੈਪਟਨ ਅਪਣੇ ਇਜ਼ਰਾਈਲ ਦੌਰੇ ਤੋਂ ਪਰਤ ਕੇ ਕੋਈ ਸਖ਼ਤ ਕਦਮ ਪੁੱਟਦੇ ਹਨ ਜਾਂ ਨਹੀਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਪਹਿਲਾਂ ਹੀ ਇਹ ਮਾਮਲਾ ਪੁੱਜਣ ਦੀਆਂ ਵੀ ਖ਼ਬਰਾਂ ਸਨ। ਪਰ ਜਦ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਤਾਂ ਰਾਹੁਲ ਗਾਂਧੀ ‘ਤੇ ਵਿਰੋਧੀ ਧਿਰਾਂ ਦਾ ਪ੍ਰੈਸ਼ਰ ਬਣਨਾ ਸੁਭਾਵਿਕ ਹੈ ਤੇ ਰਾਹੁਲ ਗਾਂਧੀ ਹੁਣ ਇਸ ਮਾਮਲੇ ‘ਚ ਦੋਸ਼ੀ ਮੰਤਰੀ ਖ਼ਿਲਾਫ਼ ਕੀ ਐਕਸ਼ਨ ਲੈਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਜਪਾ ਮੰਤਰੀ ਐਮ.ਜੇ. ਅਕਬਰ ਖ਼ਿਲਾਫ਼ ਵੀ ਸੈਕਸੂਅਲ ਹਰਾਸ਼ਮੈਂਟ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪਣਾ ਅਸਤੀਫ਼ਾ ਦੇਣਾ ਪਿਆ ਸੀ। ਪੰਜਾਬ ਦੇ ਇਸ ਮੰਤਰੀ ‘ਤੇ ਵੀ ਫ਼ਿਲਹਾਲ ਚਾਰੇ ਪਾਸਿਆਂ ਤੋਂ ਉਹੀ ਪ੍ਰੈਸ਼ਰ ਹੋਵੇਗਾ ਤੇ ਪਾਰਟੀ ਅਪਣੇ ‘ਤੇ ਪਏ ਦਬਾਅ ਨੂੰ ਝੱਲਦਿਆਂ ਕਦੋਂ ਕੋਈ ਕਦਮ ਉਠਾਏਗੀ, ਇਹ ਆਉਣ ਵਾਲੇ ਦਿਨਾਂ ‘ਚ ਦੇਖਣਾ ਹੋਵੇਗਾ।