ਪੰਜਾਬਣ ਲੜਕੀ ਬਣੀ ਇਟਲੀ 'ਚ ਵਕੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੋਤੀ ਸਿੰਘ ਤੰਬਰ ਰੋਮਾਨਾ ਸੂਬੇ ਦੀ ਪਹਿਲੀ ਸਿੱਖ ਕੁੜੀ ਜਿਸ ਨੂੰ ਜੱਜ ਨਾਲ ਅਭਿਆਸ ਕਰਨ ਦਾ ਮੌਕਾ ਮਿਲਿਆ

Jyoti Singh Tambor lawyer in Italy

ਹੁਸ਼ਿਆਰਪੁਰ  (ਥਾਪਰ) : ਪੰਜਾਬੀਆਂ ਨੇ ਦੁਨੀਆਂ ਦੇ ਹਰ ਕੋਨੇ 'ਚ ਜਾ ਕੇ ਦੇਸ਼ ਤੇ ਕੌਮ ਦਾ ਨਾਂ ਰੋਸ਼ਨ ਕੀਤਾ ਹੈ। ਇਸ ਵਾਰ ਇਕ ਬੇਟੀ ਨੇ ਇਟਲੀ 'ਚ ਇਹ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਫਗਲਾਣਾ ਨਾਲ ਸਬੰਧ ਰੱਖਣ ਵਾਲੀ ਜੋਤੀ ਸਿੰਘ ਤੰਬਰ  ਨੇ ਇਟਲੀ 'ਚ ਵਕੀਲ ਬਣ ਕੇ ਨਾਮਣਾ ਖਟਿਆ ਹੈ। ਜੋਤੀ ਸਿੰਘ ਤੰਬਰ ਦੇ ਪਿਤਾ ਕਰਮਜੀਤ ਸਿੰਘ ਸੰਨ 1985 ਵਿਚ ਇਟਲੀ ਆ ਗਏ ਸਨ ਤੇ ਉਥੇ ਹੀ ਜੋਤੀ ਦਾ ਜਨਮ ਹੋਇਆ।

ਇਟਲੀ ਦੇ ਸ਼ਹਿਰ ਕੰਪਾ ਨਿਉਲਾ (ਰਿਜੋ ਇਮਿਲੀਆ) ਦੀ ਵਸਨੀਕ ਜੋਤੀ ਸਿੰਘ ਤੰਬਰ ਇਟਲੀ ਦੀ ਪਹਿਲੀ ਭਾਰਤੀ ਮੂਲ ਦੀ ਸਿੱਖ ਕੁੜੀ ਹੈ ਜਿਸ ਨੇ ਇਟਲੀ ਦੇ ਬਲੋਨੀਆਂ ਸ਼ਹਿਰ ਦੀ ਵੱਡੀ ਅਦਾਲਤ ਵਿਚ ਵਕੀਲ ਬਣਨ ਲਈ ਰਾਜ ਪੱਧਰ ਦੀ ਪ੍ਰੀਖਿਆ ਪਾਸ ਕੀਤੀ। ਜੋਤੀ ਨੇ ਇਹ ਰਾਜ ਪਧਰੀ ਪ੍ਰੀਖਿਆ ਪਹਿਲੀ ਕੋਸ਼ਿਸ਼ ਵਿਚ ਹੀ ਪਾਸ ਕੀਤੀ ਜਿਸ ਨਾਲ ਪੰਜਾਬੀ ਭਾਈਚਾਰੇ ਦੀ ਇਟਲੀ ਵਿਚ ਬੱਲੇ-ਬੱਲੇ ਕਰਵਾ ਦਿਤੀ। ਪ੍ਰੈੱਸ ਨੂੰ ਅਪਣੀ ਇਸ ਕਾਮਯਾਬੀ ਸੰਬਧੀ ਜਾਣਕਾਰੀ ਦਿੰਦਿਆਂ ਵਕੀਲ ਜੋਤੀ ਸਿੰਘ ਤੰਬਰ ਨੇ ਦਸਿਆ ਕਿ ਉਹ ਅੱਜ ਜਿਸ ਮੁਕਾਮ ਉੱਤੇ ਵੀ ਪਹੁੰਚੀ ਹੈ

, ਉਸ ਲਈ ਉਸ ਦੇ ਪਰਵਾਰ ਮਾਤਾ ਜਤਿੰਦਰ ਕੌਰ, ਪਿਤਾ ਕਰਮਜੀਤ ਸਿੰਘ, ਪਤੀ ਸੰਦੀਪ ਸੈਣੀ ਅਤੇ ਸਹੁਰੇ ਪਰਵਾਰ ਦਾ ਬਹੁਤ ਸਹਿਯੋਗ ਰਿਹਾ ਹੈ ਪਰ ਕੁਝ ਘਰੇਲੂ ਰੁਝੇਵਿਆਂ ਕਾਰਨ ਵਕਾਲਤ ਦਾ ਕੰਮ ਥੋੜੀ ਦੇਰ ਨਾਲ ਸ਼ੁਰੂ ਕਰ ਰਹੀ ਹੈ। ਜੋਤੀ ਸਿੰਘ ਤੰਬਰ ਇਟਲੀ ਵਿਚ ਜਨਮੀ ਜ਼ਰੂਰ ਹੈ ਪਰ ਸਦਾ ਹੀ ਪੰਜਾਬੀਅਤ ਨਾਲ ਜੁੜੀ ਰਹੀ ਹੈ। ਜੋਤੀ ਸਿੰਘ ਨੇ ਡਿਗਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ ਜਿਸ ਵਿਚ ਭਾਰਤੀ ਭਾਈਚਾਰੇ ਦੇ ਨਾਲ ਇਟਾਲੀਅਨ ਲੋਕ ਵੀ ਕਾਫ਼ੀ ਰਹਿ ਗਏ ਸਨ। ਜੋਤੀ ਸਿੰਘ ਤੰਬਰ ਇਮਿਲੀਆ ਰੋਮਾਨਾ ਸੂਬੇ ਦੀ ਪਹਿਲੀ ਸਿੱਖ ਕੁੜੀ ਸੀ ਜਿਸ ਨੂੰ ਨੰਬਰਾਂ ਦੇ ਅਧਾਰ 'ਤੇ ਰਿਜੋ ਇਮਿਲੀਆ ਦੀ ਕੋਰਟ ਦੇ ਸਿਵਲ ਸੈਕਸ਼ਨ ਵਿਚ ਜੱਜ ਨਾਲ ਅਭਿਆਸ ਕਰਨ ਦਾ ਮੌਕਾ ਮਿਲਿਆ, ਅਤੇ ਨਾਲ-ਨਾਲ ਅਪਣੀ ਵਕਾਲਤ ਦਾ ਅਭਿਆਸ ਵੀ ਕੀਤਾ।