ਬੇਅਦਬੀ ਮਾਮਲੇ ’ਤੇ ਬੋਲੇ ਸਿੱਧੂ- ਪਿਛਲੇ 6 ਸਾਲਾਂ ਵਿਚ ਬਣੀਆਂ ਸਾਰੀਆਂ ਸਿੱਟਾਂ ਦੀ ਪ੍ਰਾਪਤੀ ਕੀ ਹੈ’?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਸਭ ਤੋਂ ਮਹੱਤਵਪੂਰਨ ਮੁੱਦੇ ਨੂੰ ਪਹਿਲੇ ਦਿਨ ਤੋਂ ਅਹਿਮੀਅਤ ਦੇਣੀ ਬਣਦੀ ਸੀ- ਸਿੱਧੂ

Navjot Sidhu

ਚੰਡੀਗੜ੍ਹ: ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ  ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਹੈ। ਸਿੱਧੂ ਨੇ ਸਵਾਲ ਕੀਤਾ ਕਿ ਪਿਛਲੇ 6 ਸਾਲਾਂ ਵਿਚ ਬਣੀਆਂ ਸਾਰੀਆਂ ਸਿੱਟਾਂ ਦੀ ਪ੍ਰਾਪਤੀ ਕੀ ਹੈ?

ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ, ‘ਸਾਡੇ ਸਾਹਮਣੇ ਦੋ ਵਿਕਲਪ ਹਨ... ਜਾਂ ਤਾਂ ਅਸੀਂ ਹਾਈਕੋਰਟ ਦਾ ਹੁਕਮ ਮੰਨ ਲਈਏ ਜਾਂ ਫਿਰ ਇਸ ਨਿਰਣੇ ਵਿਰੁੱਧ ਸੁਪਰੀਮ ਕੋਰਟ 'ਚ ਅਪੀਲ ਕਰੀਏ... ਪਰ ਸਮੱਸਿਆ ਫਿਰ ਉਹੀ ਹੈ - “ਨੀਅਤ ਅਤੇ ਜਾਣ-ਬੁੱਝ ਕੇ ਦੇਰੀ।” ਗੱਲ ਹੋਰ ਸਿਟ (SIT) ਬਣਾਉਣ ਦੀ ਨਹੀਂ ਸਵਾਲ ਇਹ ਹੈ ਕਿ ਪਿਛਲੇ 6 ਸਾਲਾਂ ਵਿਚ ਬਣੀਆਂ ਸਾਰੀਆਂ ਸਿਟਾਂ (SITs) ਦੀ ਪ੍ਰਾਪਤੀ ਕੀ ਹੈ’?

ਇਕ ਹੋਰ ਟਵੀਟ ਜ਼ਰੀਏ ਸਿੱਧੂ ਨੇ ਕਿਹਾ ਕਿ  ਇਤਿਹਾਸ ਗਵਾਹ ਹੈ ਕਿ ਇੱਕੋ ਏਜੰਸੀ ਤੋਂ ਦੁਬਾਰਾ ਜਾਂਚ ਕਰਵਾਉਣ ਨਾਲ ਕੇਸ ਕਮਜ਼ੋਰ ਹੁੰਦਾ ਹੈ ਨਾਲ ਹੀ ਦੋਸ਼ੀ ਨੂੰ ਚੁਕੰਨਾ ਹੋਣ ਅਤੇ ਬਚਣ ਦਾ ਦੂਸਰਾ ਮੌਕਾ ਮਿਲਦਾ ਹੈ... ਫਿਰ ਵੀ ਜੇ ਸਰਕਾਰ ਫ਼ੈਸਲਾ ਲੈਂਦੀ ਹੈ ਤਾਂ ਨਿਰਪੱਖ ਅਤੇ ਸੀਮਿਤ ਸਮੇਂ ਵਿਚ ਜਾਂਚ ਕਰਵਾਉਣਾ ਨਿਸ਼ਚਤ ਕਰੇ ਤੇ ਇਸ ਲਈ ਫਾਸਟ-ਟ੍ਰੈਕ ਅਦਾਲਤ ਸਥਾਪਤ ਹੋਵੇ ਜਿੱਥੇ ਰੋਜ਼ ਦੀ ਰੋਜ਼ ਸੁਣਵਾਈ ਹੋਵੇ’।

ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਸਭ ਤੋਂ ਮਹੱਤਵਪੂਰਨ ਮੁੱਦੇ ਨੂੰ ਪਹਿਲੇ ਦਿਨ ਤੋਂ ਅਹਿਮੀਅਤ ਦੇਣੀ ਬਣਦੀ ਸੀ। ਪੰਜਾਬ ਦੇ ਲੋਕਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਸਾਬਤ ਕਰਨ ਦਾ ਇੱਕੋ ਰਾਹ ਹੁਣ ਬਿਨਾਂ ਦੇਰੀ ਕੀਤਿਆਂ ਭਾਰਤ ਦੇ ਬੇਹਤਰੀਨ ਵਕੀਲਾਂ ਦੀ ਟੀਮ ਨੂੰ ਨਾਲ ਲੈ ਕੇ ਚੱਲਣਾ ਹੈ। ਨਹੀਂ ਤਾਂ ਇਹ ਸਾਨੂੰ ਕਦੇ ਨਾ ਪੂਰੇ ਹੋਣ ਵਾਲੇ ਘਾਟੇ ਵੱਲ ਲੈ ਜਾਵੇਗਾ।