ਫੀਸ ਨਾ ਜਮਾਂ ਕਰਵਾਈ ਤਾਂ ਸਕੂਲ ਨੇ ਬੱਚੇ ਦੇ ਹੱਥ 'ਤੇ ਲਗਾਈ ਮੁਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਰਮਸਾਰ ਹੋਈ ਮਨੁੱਖਤਾ

School puts fee reminder stamp on student’s arm

ਲੁਧਿਆਣਾ : ਲੁਧਿਆਣਾ ਦੇ ਇਕ ਪ੍ਰਾਈਵੇਟ ਸਕੂਲ ਨੇ ਫੀਸ ਨਾ ਜਮਾਂ ਕਰਵਾਉਣ 'ਤੇ ਇਕ ਬੱਚੇ ਦੇ ਹੱਥ 'ਤੇ ਫ਼ੀਸ ਭਰਵਾਉਣ ਸਬੰਧੀ ਮੁਹਰ ਲਗਾ ਕੇ ਉਸ ਨੂੰ ਘਰ ਭੇਜ ਦਿੱਤਾ। ਮੁਹਰ 'ਚ ਬੱਚੇ ਦੇ ਮਾਪਿਆਂ ਲਈ ਸੰਦੇਸ਼ ਲਿਖਿਆ ਸੀ ਕਿ ਉਹ ਆਪਣੇ ਬੇਟੇ ਅਤੇ ਬੇਟੀ ਦੇ ਫੀਸ ਤੁਰੰਤ ਜਮਾਂ ਕਰਵਾ ਦੇਣ। ਆਮ ਤੌਰ 'ਤੇ ਫੀਸ ਜਮਾਂ ਕਰਵਾਉਣ ਦਾ ਨੋਟਿਸ  ਕਾਗ਼ਜ਼ ਜਾਂ ਡਾਇਰੀ 'ਚ ਲਿਖ ਕੇ ਦਿੱਤਾ ਜਾਂਦਾ ਹੈ।

ਘਟਨਾ ਮੁੰਡੀਆਂ ਕਲਾਂ ਇਲਾਕੇ ਦੀ ਹੈ। ਇਹ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ। 7ਵੀਂ ਜਮਾਤ 'ਚ ਪੜ੍ਹਨ ਵਾਲਾ ਵਿਦਿਆਰਥੀ ਹਰਸ਼ਦੀਪ ਸਿੰਘ ਬੀਤੇ ਸ਼ੁਕਰਵਾਰ ਪ੍ਰੀਖਿਆ ਦੇਣ ਸਕੂਲ ਗਿਆ ਸੀ। ਹਰਸ਼ਦੀਪ ਦੇ ਮਾਪਿਆਂ ਨੇ ਉਸ ਦੀ ਅਪ੍ਰੈਲ-ਮਈ ਮਹੀਨੇ (760 ਰੁਪਏ ਪ੍ਰਤੀ ਮਹੀਨਾ) ਦੀ ਫੀਸ ਨਹੀਂ ਜਮਾਂ ਕਰਵਾਈ ਸੀ। ਇਸ ਤੋਂ ਇਲਾਵਾ ਉਸ ਦੀ 17 ਸਾਲਾ ਵੱਡੀ ਭੈਣ ਦੀ ਵੀ ਲਗਭਗ 6805 ਰੁਪਏ ਫੀਸ ਬਕਾਇਆ ਸੀ। ਉਸ ਨੇ ਇਸੇ ਸਾਲ ਸਕੂਲ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ।

ਹਰਸ਼ਦੀਪ ਦੇ ਪਿਤਾ ਕੁਲਦੀਪ ਸਿੰਘ ਆਟੋ ਰਿਕਸ਼ਾ ਚਲਾਉਂਦੇ ਹਨ। ਕੁਲਦੀਪ ਨੇ ਦੱਸਿਆ, "ਇਹ ਬਹੁਤ ਗ਼ਲਤ ਗੱਲ ਹੈ। ਮੈਂ ਰੋਜ਼ਾਨਾ 300 ਰੁਪਏ ਕਮਾਉਂਦਾ ਹਾਂ। ਮੇਰਾ ਦੂਜੇ ਬੇਟਾ ਵੀ ਕੰਮ ਕਰਦਾ ਹੈ ਅਤੇ ਉਸ ਨੂੰ ਮਹੀਨੇ ਦੀ 25 ਤਰੀਕ ਨੂੰ ਤਨਖ਼ਾਹ ਮਿਲਦੀ ਹੈ। ਅਸੀ ਸਕੂਲ ਨੂੰ ਪਹਿਲਾਂ ਹੀ ਕਿਹਾ ਸੀ ਕਿ 25 ਮਈ ਤਕ ਫ਼ੀਸ ਦੇ ਦਿਆਂਗੇ।"

ਕੁਲਦੀਪ ਨੇ ਦੱਸਿਆ ਕਿ ਸਕੂਲ ਵੱਲੋਂ ਉਸ ਦੇ ਬੱਚੇ ਦੀ ਬਾਂਹ 'ਤੇ ਮੁਹਰ ਲਗਾਏ ਜਾਣ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਬੱਚੇ ਨੂੰ ਉਸ ਦੇ ਸਾਥੀ ਵਿਦਿਆਰਥੀ ਚਿੜਾ ਰਹੇ ਸਨ। ਉਧਰ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸ਼ੁਕਰਵਾਰ ਨੂੰ ਜਿਨ੍ਹਾਂ ਬੱਚਿਆਂ ਦੀ ਫੀਸ ਨਹੀਂ ਆਈ ਸੀ, ਉਨ੍ਹਾਂ ਦੀ ਕਾਪੀ 'ਤੇ ਫੀਸ ਜਮਾਂ ਕਰਵਾਉਣ ਲਈ ਮੁਹਰ ਲਗਾ ਕੇ ਨੋਟਿਸ ਦਿੱਤਾ ਗਿਆ। ਜਦੋਂ ਹਰਸ਼ਦੀਪ ਤੋਂ ਕਾਪੀ ਮੰਗੀ ਤਾਂ ਉਸ ਨੇ ਕਾਪੀ ਨਾ ਹੋਣ ਦੀ ਗੱਲ ਕਹੀ। ਜਿਸ ਤੋਂ ਬਾਅਦ ਉਸ ਦੇ ਹੱਥ 'ਤੇ ਮੁਹਰ ਲਗਾ ਦਿੱਤੀ।