ਸੂਬਾ ਪਧਰੀ ਵਣ ਮਹਾਂਉਤਸਵ ਸਮਾਗਮ ਨਾਭਾ ਵਿਖੇ ਭਲਕੇ : ਸਾਧੂ ਸਿੰਘ ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ 69ਵਾਂ ਸੂਬਾ ਪੱਧਰੀ ਵਣ ਮਹਾਂਉਤਸਵ ਨਾਭਾ ਵਿਖੇ 28 ਜੁਲਾਈ ਨੂੰ ਮਨਾਇਆ ਜਾਵੇਗਾ......................

Sadhu Singh Dharamsot

ਚੰਡੀਗੜ੍ਹ  : ਪੰਜਾਬ ਸਰਕਾਰ ਵਲੋਂ 69ਵਾਂ ਸੂਬਾ ਪੱਧਰੀ ਵਣ ਮਹਾਂਉਤਸਵ ਨਾਭਾ ਵਿਖੇ 28 ਜੁਲਾਈ ਨੂੰ ਮਨਾਇਆ ਜਾਵੇਗਾ। ਇਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੂਟਾ ਲਾ ਕੇ ਕਰਨਗੇ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਵਣ ਮਹਾਂਉਤਸਵ ਮਨਾਉਣ ਦਾ ਉਦੇਸ਼ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਹੈ। ਪੰਜਾਬ 'ਚ ਹਰਿਆਲੀ ਅਤੇ ਵਣਾਂ ਹੇਠ ਦੇ ਰਕਬਾ ਵਧਾਉਣ ਲਈ ਚਾਲੂ ਸਾਲ 2018-2019 ਦੌਰਾਨ 10 ਹਜ਼ਾਰ ਏਕੜ ਰਕਬੇ 'ਤੇ ਬੂਟੇ ਲਾਉਣ ਦੀ ਯੋਜਨਾ ਹੈ ਅਤੇ 'ਘਰ-ਘਰ ਹਰਿਆਲੀ' ਮੁਹਿੰਮ ਤਹਿਤ

ਹੁਣ ਤਕ 15 ਲੱਖ ਤੋਂ ਵੱਧ ਬੂਟੇ ਵਣਾਂ, ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ, ਪਿੰਡਾਂ, ਘਰਾਂ ਅਤੇ ਕਿਸਾਨਾਂ ਵਲੋਂ ਲਗਾਏ ਜਾ ਚੁੱਕੇ ਹਨ। ਬੂਟੇ ਲਾਉਣ ਦੀ ਵਿਸ਼ੇਸ਼ ਮੁਹਿੰਮ ਤਹਿਤ ਝੁੱਗੀ-ਝੋਪੜੀ ਅਤੇ ਪੱਛੜੇ ਖੇਤਰਾਂ ਵਿਚ 50 ਹਜ਼ਾਰ ਬੂਟੇ ਲਾਏ ਜਾਣਗੇ। ਉਨ੍ਹਾਂ ਇਹ ਵੀ ਦਸਿਆ ਕਿ ਵਿਭਾਗ ਵਲੋਂ ਸ਼ੁਰੂ ਕੀਤੀ ਗਈ 'ਆਈ-ਹਰਿਆਲੀ' ਐਪ ਨੂੰ ਹੁਣ ਤਕ ਸੂਬੇ ਦੇ 2 ਲੱਖ 70 ਹਜ਼ਾਰ ਨਾਗਰਿਕ ਅਪਣੇ ਐਂਡਰਾਇਡ ਫੋਨਾਂ ਰਾਹੀਂ ਡਾਊਨਲੋਡ ਕਰ ਚੁੱਕੇ ਹਨ।

ਉਨ੍ਹਾਂ ਦਸਿਆ ਕਿ ਇਹ ਐਪ ਰਾਹੀਂ ਹੁਣ ਤਕ 8 ਲੱਖ ਬੂਟੇ ਸਬੰਧਤਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦਸਿਆ ਕਿ ਐਪਲ ਆਈਫ਼ੋਨ ਵਰਤ ਰਹੇ ਸੂਬੇ ਦੇ ਨਾਗਰਿਕਾਂ ਲਈ 'ਆਈ.ਓ.ਐਸ. ਐਪ' ਜਲਦ ਹੀ ਲਾਂਚ ਕੀਤੀ ਜਾਵੇਗੀ ਤਾਂ ਜੋ ਉਹ ਵੀ 'ਆਈ ਹਰਿਆਲੀ' ਐਪ ਡਾਊਨਲੋਡ ਕਰ ਕੇ ਅਪਣੀ ਪਸੰਦ ਦੇ ਬੂਟੇ ਬੁੱਕ ਕਰ ਸਕਣ ਅਤੇ ਹਰਿਆਲੀ ਵਧਾਉਣ 'ਚ ਅਪਣਾ ਯੋਗਦਾਨ ਪਾ ਸਕਣ।