ਚਾਹੇ ਜੇਲ੍ਹਾਂ ’ਚ ਸੁੱਟ ਦਿਓ ਚਾਹੇ ਕਾਲੇ ਪਾਣੀ ’ਚ ਭੇਜ ਦਿਓ, ਅਸੀਂ ਆਮ ਲੋਕਾਂ ਦੀ ਗੱਲ ਕਰਦੇ ਰਹਾਂਗੇ- ਰਵਨੀਤ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿੱਟੂ ਨੇ ਕਿਹਾ ਕਿ ਅਸੀਂ ਸੰਸਦ ਵਿਚ ਮਹਿੰਗਾਈ ਅਤੇ ਬੁਨਿਆਦੀ ਲੋੜਾਂ ਦੀ ਚੀਜ਼ਾਂ ’ਤੇ ਲਗਾਏ ਜੀਐਸਟੀ ਦੇ ਮੁੱਦੇ ’ਤੇ ਬਹਿਸ ਕਰਨਾ ਚਾਹੁੰਦੇ ਹਾਂ।

Ravneet Bittu


ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੇਂਦਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਸਰਕਾਰ ਸੰਸਦ ਮੈਂਬਰਾਂ ਨੂੰ ਆਮ ਜਨਤਾ ਦੇ ਮੁੱਦੇ ਚੁੱਕਣ ਦਾ ਮੌਕਾ ਨਹੀਂ ਦੇ ਰਹੀ। ਰਵਨੀਤ ਬਿੱਟੂ ਨੇ ਕਿਹਾ ਕਿ ਜਨਤਾ ਸੰਸਦ ਮੈਂਬਰਾਂ ਨੂੰ ਇਸ ਲਈ ਚੁਣ ਕੇ ਸੰਸਦ ਵਿਚ ਭੇਜਦੀ ਹੈ ਤਾਂ ਜੋ ਉਹ ਉਹਨਾਂ ਦੇ ਮਸਲੇ ਚੁੱਕ ਸਕਣ ਪਰ ਜਦੋਂ ਤੋਂ ਮਾਨਸੂਨ ਇਜਲਾਸ ਸ਼ੁਰੂ ਹੋਇਆ ਹੈ, ਕਿਸੇ ਵੀ ਸੰਸਦ ਮੈਂਬਰ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਜੇਕਰ ਕੋਈ ਮੈਂਬਰ ਮਹਿੰਗਾਈ, ਜੀਐਸਟੀ, ਬੇਰੁਜ਼ਗਾਰੀ ਵਰਗੇ ਮੁੱਦਿਆਂ ’ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ।

Ravneet Bittu

ਬਿੱਟੂ ਨੇ ਕਿਹਾ ਕਿ ਅਸੀਂ ਸੰਸਦ ਵਿਚ ਜਨਤਕ ਮੁੱਦੇ ਚੁੱਕਣਾ ਚਾਹੁੰਦੇ ਹਾਂ, ਮਹਿੰਗਾਈ ਅਤੇ ਬੁਨਿਆਦੀ ਲੋੜਾਂ ਦੀ ਚੀਜ਼ਾਂ ’ਤੇ ਲਗਾਏ ਜੀਐਸਟੀ ਦੇ ਮੁੱਦੇ ’ਤੇ ਬਹਿਸ ਕਰਨਾ ਚਾਹੁੰਦੇ ਹਾਂ। ਪਰ ਮੋਦੀ ਜੀ ਇਕ ਤਾਨਾਸ਼ਾਹ ਬਣ ਗਏ ਹਨ, ਉਹ ਜਨਤਕ ਮੁੱਦਿਆਂ ਤੇ ਬਹਿਸ ਨਹੀ ਕਰਵਾਉਣਾ ਚਾਹੁੰਦੇ।

Ravneet Bittu

ਉਹਨਾਂ ਕਿਹਾ ਕਿ ਜਿਨ੍ਹਾਂ ਸੰਸਦ ਮੈਂਬਰਾਂ ਨੇ ਕਰੋੜਾਂ ਲੋਕਾਂ ਦੀ ਆਵਾਜ਼ ਚੁੱਕਣੀ ਹੈ, ਉਹਨਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ।  ਕੇਂਦਰ ਸਰਕਾਰ ਨੂੰ ਜਵਾਬ ਦਿੰਦਿਆਂ ਬਿੱਟੂ ਨੇ ਕਿਹਾ, ‘ਮੋਦੀ ਜੀ ਸਾਨੂੰ ਚਾਹੇ ਜੇਲ੍ਹਾਂ ਵਿਚ ਸੁੱਟ ਦੇਣ, ਚਾਹੇ ਕਾਲੇ ਪਾਣੀ ਵਿਚ ਭੇਜ ਦੇਣ ਪਰ ਕਾਂਗਰਸ ਆਮ ਆਦਮੀ ਦੀ ਗੱਲ ਜ਼ਰੂਰ ਕਰੇਗੀ’ ।

Rahul Gandhi and Others detained at protest over Sonia Gandhi's ED questioning

ਦੱਸ ਦੇਈਏ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖ਼ਿਲਾਫ਼ ED ਦੀ ਕਾਰਵਾਈ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਹਿਰਾਸਤ ’ਚ ਲਏ ਗਏ ਕਾਂਗਰਸੀਆਂ ਨੂੰ ਕਿੰਗਸਵੇਅ ਕੈਂਪ ਵਿਚ ਰੱਖਿਆ ਗਿਆ। ਇਹਨਾਂ ਵਿਚ ਪੰਜਾਬ ਦੇ ਸੰਸਦ ਮੈਂਬਰ ਰਵਨੀਤ ਬਿੱਟੂ, ਗੁਰਜੀਤ ਔਜਲਾ, ਮਨੀਸ਼ ਤਿਵਾੜੀ, ਜਸਬੀਰ ਸਿੰਘ ਗਿੱਲ ਅਤੇ ਮੁਹੰਮਦ ਸਦੀਕ ਵੀ ਸ਼ਾਮਲ ਸਨ।