ਅਧਿਆਪਕ ਧਰਨੇ ਨਾ ਲਗਾਉਣ, ਮੇਜ਼ 'ਤੇ ਬੈਠ ਕੇ ਕਰਨ ਗੱਲਬਾਤ : ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਜ਼ਿਲ੍ਹਾ ਸਿਖਿਆ ਅਫ਼ਸਰ ਐਲੀਮੈਂਟਰੀ ਵਲੋਂ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ............

Education Minister Om Prakash Soni honoring the teachers

ਅੰਮ੍ਰਿਤਸਰ : ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਜ਼ਿਲ੍ਹਾ ਸਿਖਿਆ ਅਫ਼ਸਰ ਐਲੀਮੈਂਟਰੀ ਵਲੋਂ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।  ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਸ਼ਾਮਲ ਹੋਏ ਅਤੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।  ਇਸ ਮੌਕੇ ਸਨਮਾਨ ਸਮਾਰੋਹ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ  ਸਿਖਿਆ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਸਿਖਿਆ ਨੂੰ ਉਚਾ ਚੁੱਕਣ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਯੂਨੀਅਨਾਂ ਦੇ ਪਿਛੇ ਨਾ ਲੱਗਣ ਅਤੇ ਜੋ ਵੀ ਉਨ੍ਹਾਂ ਦੀ ਕੋਈ ਮੰਗ ਹੈ

ਉਹ ਟੇਬਲ ਤੇ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਕਰਨ ਨਾ ਕਿ ਧਰਨੇ ਲਗਾਉਣ। ਸ੍ਰੀ ਸੋਨੀ ਨੇ ਕਿਹਾ ਕਿ ਲੋਕਤੰਤਰੀ ਦੇਸ਼ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਜੇਕਰ ਅਧਿਆਪਕਾਂ ਨੇ ਧਰਨੇ ਹੀ ਲਗਾਉਣੇ ਹਨ ਤਾਂ ਉਹ ਸਕੂਲ ਦੀ ਛੁੱਟੀ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਲਗਾ ਸਕਦੇ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਨਾ ਹੋਵੇ। ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਦੇ ਸਹਿਯੋਗ ਨਾਲ ਪੜ੍ਹੇ ਪੰਜਾਬ ਪੜ੍ਹਾਓ ਪੰਜਾਬ ਚੰਗੀ ਤਰ੍ਹਾਂ ਲਾਗੂ ਹੋ ਸਕਿਆ ਹੈ।  ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਹਰ ਜਾਇਜ ਮੰਗ ਨੂੰ ਪੂਰਾ ਕੀਤਾ ਜਾਵੇਗਾ ਅਤੇ ਜਿਹੜੇ ਅਧਿਆਪਕ ਕੱਚੇ ਤੌਰ ਤੇ ਡਿਊਟੀ ਕਰ ਰਹੇ ਹਨ

ਉਨ੍ਹਾਂ ਨੂੰ ਵੀ ਪੱਕਾ ਕੀਤਾ ਜਾਵੇਗਾ।  ਸਿਖਿਆ ਮੰਤਰੀ ਨੇ ਕਿਹਾ ਕਿ ਬਾਰਡਰ ਜ਼ਿਲ੍ਹੇ ਵਿਚ 100 ਮਾਡਲ ਸਕੂਲ ਬਣਾਏ ਜਾਣਗੇ ਅਤੇ ਮਾਲ ਰੋਡ ਸਕੂਲ ਨੂੰ ਸ਼ਹਿਰ ਦਾ ਸਭ ਤੋਂ  ਵਧੀਆ ਸਕੂਲ ਬਣਾਇਆ ਜਾਵੇਗਾ। ਇਸ ਸਮਾਗਮ ਵਿੱਚ ਸ੍ਰੀ ਸੋਨੀ ਵੱਲੋਂ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਦੇ 17 ਬਲਾਕਾਂ ਦੇ ਹਰ ਬਲਾਕ ਵਿੱਚੋ 2-2 ਅਤੇ ਜਿਲ੍ਹਾ ਪੱਧਰ ਤੇ 4 ਅਧਿਆਪਕਾਂ ਨੂੰ ਵਧੀਆ ਕਾਰਗੁਜਾਰੀ ਲਈ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਦੱਸਣਯੋਗ ਹੈ ਕਿ ਸ੍ਰੀ ਸੋਨੀ ਵੱਲੋਂ ਉਨ੍ਹਾਂ ਸਰਕਾਰੀ ਅਧਿਆਪਕਾਂ ਨੂੰ ਸਨਮਾਨਤ ਕੀਤਾ ਗਿਆ ਜਿੰਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਵਧੀਆ ਸਿਖਿਆ ਹਾਸਲ ਕਰ ਰਹੇ ਹਨ।

ਸ੍ਰੀ ਸੋਨੀ ਵੱਲੋਂ ਛੁੱਟੀਆਂ ਦੌਰਾਨ ਸਕੂਲਾਂ ਵਿੱਚ ਸਮਰ ਕੈਂਪ ਲਗਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਤ ਕੀਤਾ ਗਿਆ। ਸ੍ਰੀ ਸੋਨੀ ਵੱਲੋਂ ਸਭ ਤੋਂ ਪਹਿਲਾਂ ਸਕੂਲ ਵਿਖੇ ਬੱਚਿਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਨੂੰ ਵੇਖਿਆ ਗਿਆ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਵੀ ਕੀਤੀ ਗਈ। ਸ੍ਰੀ ਸੋਨੀ ਨੇ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਰੱਖੜੀਆਂ ਦੇਖੀਆਂ ਅਤੇ ਉਨ੍ਹਾਂ ਨੂੰ 1000 ਰੁਪਏ ਨਕਦ ਇਨਾਮ ਵੀ ਦਿੱਤਾ।  

ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਸ਼ਿਸ਼ੂਪਾਲ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ, ਸ੍ਰੀਮਤੀ ਸੁਨੀਤਾ ਕਿਰਨ ਜਿਲ੍ਹਾ ਸਿਖਿਆ ਅਫਸਰ ਸਕੈਂਡਰੀ, ਸ੍ਰੀਮਤੀ ਭੂਪਿੰਦਰ ਕੌਰ ਉਪ ਜਿਲ੍ਹਾ ਸਿਖਿਆ ਅਫਸਰ, ਸ੍ਰੀਮਤੀ ਮਨਦੀਪ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀ:ਪੀ:ਈ:ਓ ਅਤੇ ਅਧਿਆਪਕ ਵੀ ਹਾਜ਼ਰ ਸਨ। ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਤੇ ਸੈਕੰਡਰੀ ਵੱਲੋਂ ਸਿਖਿਆ ਮੰਤਰੀ ਨੂੰ ਵੀ ਸਨਮਾਨਤ ਕੀਤਾ ਗਿਆ।