ਕਿਸੇ ਵੇਲੇ ਇੱਥੋਂ ਪੈਦਾ ਹੁੰਦੀ ਸੀ ਅੰਮ੍ਰਿਤਸਰ ਸ਼ਹਿਰ ਦੀ ਬਿਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਦੀ ਵਿਰਾਸਤ ਬਣਿਆ ਡੇਢ ਸਦੀ ਪੁਰਾਣਾ 'ਪਨ ਬਿਜਲੀ ਘਰ'

At one time electricity was generated from the city of Amritsar

ਅਮ੍ਰਿੰਤਸਰ(ਚਰਨਜੀਤ ਅਰੋੜਾ) - ਕੋਈ ਸਮਾਂ ਸੀ ਜਦੋਂ ਇਸ ਪਣ ਬਿਜਲੀ ਘਰ ਤੋਂ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਸੀ ਨਾਲ ਹੀ ਕਣਕ ਪੀਹਣ ਵਾਲੇ ਘਰਾਟ ਵੀ ਲੱਗੇ ਹੋਏ ਸਨ। ਜਾਣਕਾਰੀ ਅਨੁਸਾਰ ਇਸ ਪਣ ਬਿਜਲੀ ਘਰ ਨੂੰ 19ਵੀਂ ਸਦੀ ਦੇ ਅਖ਼ੀਰ ਵਿਚ ਅੰਗਰੇਜ਼ਾਂ ਵੱਲੋਂ ਬਣਵਾਇਆ ਗਿਆ ਸੀ ਪਰ ਜਿਵੇਂ ਹੀ ਅੰਗਰੇਜ਼ ਭਾਰਤ ਛੱਡ ਕੇ ਗਏ। ਓਵੇਂ ਹੀ ਇਹ ਪਣ ਬਿਜਲੀ ਘਰ ਵੀ ਬੰਦ ਹੋ ਗਿਆ।

ਹਾਲਾਂਕਿ ਕਰੀਬ 1950 ਤਕ ਘਰਾਟ ਓਵੇਂ ਜਿਵੇਂ ਚਲਦੇ ਰਹੇ। 100 ਤੋਂ ਜ਼ਿਆਦਾ ਸਾਲ ਪੁਰਾਣੀ ਇਸ ਇਮਾਰਤ ਦੀ ਮਜ਼ਬੂਤੀ ਅਜੇ ਵੀ ਓਵੇਂ ਜਿਵੇਂ ਬਰਕਰਾਰ ਹੈ ਪਰ ਸਾਂਭ ਸੰਭਾਲ ਨਾ ਹੋਣ ਕਰਕੇ ਇਹ ਵਿਰਾਨ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਸਾਫ਼ ਸਫ਼ਾਈ ਨਾ ਹੋਣ ਕਰਕੇ ਇੱਥੇ ਬਹੁਤ ਸਾਰਾ ਘਾਹ ਫੂਸ ਪੈਦਾ ਹੋ ਗਿਆ। ਜਿਸ ਕਾਰਨ ਇਸ ਨੂੰ ਦੇਖਣ ਦੀ ਇੱਛਾ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕ ਇੱਥੇ ਨਹੀਂ ਆ ਪਾਉਂਦੇ।

ਦਰਅਸਲ ਇੱਥੇ ਨੇੜਿਓਂ ਲੰਘਦੀ ਨਹਿਰ ਦੇ ਪਾਣੀ ਨੂੰ ਇੱਥੇ ਲਿਆਂਦਾ ਗਿਆ ਸੀ ਜੋ ਇੱਥੇ ਲੱਗੀਆਂ ਟਰਬਾਈਨਾਂ ਦੇ ਪੱਖਿਆਂ ਨੂੰ ਘੁੰਮਾਉਂਦਾ ਸੀ। ਜਿਸ ਨਾਲ ਬਿਜਲੀ ਪੈਦਾ ਹੁੰਦੀ ਸੀ ਨਾਲ ਹੀ ਇੱਥੇ ਲੱਗੇ ਘਰਾਟ ਵੀ ਚੱਲਦੇ ਸਨ ਪਰ ਅੰਗਰੇਜ਼ਾਂ ਤੋਂ ਬਾਅਦ ਬਣੀ ਸਰਕਾਰ ਨੇ ਇਸ ਦੀ ਸਾਂਭ ਸੰਭਾਲ ਨਹੀਂ ਕੀਤੀ। ਅੰਮ੍ਰਿਤਸਰ ਵਿਚ ਜਿਸ ਜਗ੍ਹਾ ਇਹ ਪਨ ਬਿਜਲੀ ਘਰ ਬਣਾਇਆ ਗਿਆ ਸੀ। ਉਸ ਨੂੰ ਤਾਰਾਂ ਵਾਲਾ ਪੁਲ ਕਿਹਾ ਜਾਂਦਾ ਹੈ। ਇੱਥੇ ਬਣੀ ਇਮਾਰਤ ਵਿਚ ਅਜੇ ਵੀ ਬਹੁਤ ਸਾਰੀ ਮਸ਼ੀਨਰੀ ਦੇਖੀ ਜਾ ਸਕਦੀ ਹੈ ਪਰ ਸਮੇਂ ਦੇ ਨਾਲ ਹੁਣ ਇਹ ਪਨ ਬਿਜਲੀ ਘਰ ਅੰਮ੍ਰਿਤਸਰ ਦੀ ਵਿਰਾਸਤ ਬਣ ਚੁੱਕਾ ਹੈ। ਜਿਸ ਨੂੰ ਸਾਂਭੇ ਜਾਣ ਦੀ ਬੇਹੱਦ ਲੋੜ ਹੈ।